google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜ਼ਮੀਨ ਦੇ ਨਾਲ ਅਸਮਾਨ ਤੋਂ ਵੀ ਹੋਵੇਗਾ ਸੂਰਜ ਗ੍ਰਹਿਣ ਦਾ ਅਧਿਐਨ, ਸਾਲ ਦੇ ਪਹਿਲੇ ਮੁਕੰਮਲ ਸੂਰਜ ਗ੍ਰਹਿਣ ਦੇ ਅਧਿਐਨ ਲਈ ਭਾਰਤ ਦੇ ਤਿੰਨ ਵਿਗਿਆਨੀ ਅਮਰੀਕਾ ਰਵਾਨਾ

08/04/2024

ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਵਿਗਿਆਨੀ ਜ਼ਮੀਨ ਦੇ ਨਾਲ-ਨਾਲ ਅਸਮਾਨ ਤੋਂ ਵੀ ਸੂਰਜ ਗ੍ਰਹਿਣ ਦੀ ਜਾਂਚ ਤੇ ਪਰਖ ਕਰ ਸਕਣਗੇ। ਅੱਠ ਅਪ੍ਰੈਲ ਯਾਨੀ ਸੋਮਵਾਰ ਨੂੰ ਸਾਲ ਦਾ ਪਹਿਲਾ ਮੁਕੰਮਲ ਸੂਰਜ ਗ੍ਰਹਿਣ ਲੱਗੇਗਾ। ਧਰਤੀ ਤੋਂ ਦੇਸ਼ ਦੇ ਸੌਰ ਵਿਗਿਆਨੀਆਂ ਦੀਆਂ ਨਜ਼ਰਾਂ ਦੂਰਬੀਨਾਂ ਨਾਲ ਗ੍ਰਹਿਣ ਲੱਗੇ ਸੂਰਜ ’ਤੇ ਹੋਣਗੀਆਂ। ਉੱਧਰ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸਥਿਤ ਆਦਿੱਤਿਆ ਐੱਲ-1 ਵੀ ਸੂਰਜ ਦੇ ਹੋਰ ਨੇੜਿਓਂ ਗ੍ਰਹਿਣ ਦਾ ਅਧਿਐਨ ਕਰੇਗਾ। ਭਾਵੇਂ ਇਹ ਗ੍ਰਹਿਣ ਭਾਰਤ ’ਚ ਨਹੀਂ ਦੇਖਿਆ ਜਾ ਸਕੇਗਾ, ਇਸ ਲਈ ਭਾਰਤ ਦੇ ਤਿੰਨ ਵਿਗਿਆਨੀ ਤੇ ਇਕ ਇੰਜੀਨੀਅਰ ਇਸ ਦੇ ਅਧਿਐਨ ਲਈ ਅਮਰੀਕਾ ਰਵਾਨਾ ਹੋਏ ਹਨ।

ਆਰੀਆ ਭੱਟ ਲਾਂਚਿੰਗ ਵਿਗਿਆਨ ਸ਼ੋਧ ਸੰਸਥਾਨ (ਏਰੀਜ਼) ਨੈਨੀਤਾਲ ਦੇ ਡਾਇਰੈਕਟਰ ਤੇ ਆਦਿੱਤਿਆ ਐੱਲ-1 ਸਾਇੰਸ ਗਰੁੱਪ ਕਮੇਟੀ ਤੇ ਆਊਟਰੀਚ ਵਿਭਾਗ ਦੇ ਸਹਿ-ਇੰਚਾਰਜ ਪ੍ਰੋ. ਦੀਪਾਂਕਰ ਬੈਨਰਜੀ ਨੇ ਦੱਸਿਆ ਕਿ ਇਹ ਮੁਕੰਮਲ ਸੂਰਜ ਗ੍ਰਹਿਣ ਇਸ ਵਾਰ ਕਈ ਮਾਅਨਿਆਂ ’ਚ ਖ਼ਾਸ ਹੋਵੇਗਾ। ਗ੍ਰਹਿਣ ਦੌਰਾਨ ਸੰਭਵ ਹੈ ਕਿ ਸੂਰਜ ਦੀਆਂ ਕੁਝ ਅਣਸੁਲਝੀਆਂ ਗੁੱਥੀਆਂ ਸੁਲਝ ਸਕਣ। ਆਦਿੱਤਿਆ ਐੱਲ-1 ਲਈ ਵੀ ਇਹ ਪਹਿਲਾ ਮੌਕਾ ਹੋਵੇਗਾ। ਇਸ ਨੂੰ ਉਹ ਨੇੜਿਓਂ ਦੇਖ ਸਕੇਗਾ ਤੇ ਗ੍ਰਹਿਣ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਾਏਗਾ। ਪ੍ਰੋ. ਦੀਪਾਂਕਰ ਤੋਂ ਇਲਾਵਾ ਏਰੀਜ਼ ਦੇ ਹੀ ਸੌਰ ਵਿਗਿਆਨੀ ਡਾ. ਐੱਸ ਕਿ੍ਰਸ਼ਨਾ ਪ੍ਰਸਾਦ ਤੇ ਇੰਜੀਨੀਅਰ ਟੀਐੱਸ ਕੁਮਾਰ ਟੈਕਸਾਸ ਤੇ ਭਾਰਤੀ ਤਾਰਾ ਭੌਤਿਕੀ ਸੰਸਥਾਨ ਬੈਂਗਲੁਰੂ ਦੇ ਸਾਬਕਾ ਵਿਗਿਆਨੀ ਪ੍ਰੋ. ਆਰਸੀ ਕਪੂਰ ਮੈਕਸੀਕੋ ਤੋਂ ਮੁਕੰਮਲ ਸੂਰਜ ਗ੍ਰਹਿਣ ਦਾ ਅਧਿਐਨ ਕਰਨਗੇ। ਮੁਕੰਮਲ ਸੂਰਜ ਗ੍ਰਹਿਣ ਦੀ ਮਿਆਦ ਕਰੀਬ ਚਾਰ ਮਿੰਟ 27 ਸੈਕਿੰਡ ਦੀ ਹੋਵੇਗੀ। ਇਸ ਦਰਮਿਆਨ ਭਾਰਤੀ ਵਿਗਿਆਨੀਆਂ ਨੂੰ ਆਦਿੱਤਿਆ ਐੱਲ-1 ਵੱਲੋਂ ਲਈਆਂ ਗਈਆਂ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ। ਇਹ ਤਸਵੀਰਾਂ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਸੌਰ ਵਿਗਿਆਨੀਆਂ ਲਈ ਅਧਿਐਨ ’ਚ ਬੇਹੱਦ ਮਦਦਗਾਰ ਹੋਣਗੀਆਂ। ਇਸ ਲੰਬੀ ਮਿਆਦ ਦੇ ਸੂਰਜ ਗ੍ਰਹਿਣ ਨੂੰ ਗ੍ਰੇਟ ਨਾਰਥ ਅਮਰੀਕਨ ਟੋਟਲ ਸੋਲਰ ਐਕਲਿਪਸ ਨਾਂ ਦਿੱਤਾ ਗਿਆ ਹੈ। ਗ੍ਰਹਿਣ ਦਾ ਪਾਥ ਉੱਤਰੀ ਅਮਰੀਕਾ ਤੋਂ ਸ਼ੁਰੂ ਹੋਵੇਗਾ ਜਿਹੜਾ ਮੈਕਸੀਕੋ, ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ’ਚ ਦਿਸੇਗਾ।


ਸੂਰਜ ਦੇ ਕੋਰੋਨਾ ਦੇ ਨਾਲ-ਨਾਲ ਗ੍ਰਹਿਣ ਦੀ ਕਿਸਮ ਦਾ ਵੀ ਮੁਲਾਂਕਣ

ਏਰੀਜ਼ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਤੇ ਸੌਰ ਵਿਗਿਆਨੀ ਡਾ. ਵਹਾਬੁਦੀਨ ਮੁਤਾਬਕ, ਮੈਕਸੀਕੋ ’ਚ ਮੁਕੰਮਲ ਸੂਰਜ ਗ੍ਰਹਿਣ ਦੀ ਵੱਧ ਤੋਂ ਵੱਧ ਮਿਆਦ ਲਗਪਗ ਚਾਰ ਮਿੰਟ 27 ਸੈਕਿੰਡ ਰਹੇਗੀ। ਗ੍ਰਹਿਣ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਦਾ ਜ਼ਿਆਦਾਤਰ ਹਿੱਸਾ ਆਬਾਦੀ ਵਾਲੇ ਸ਼ਹਿਰਾਂ ਦੀ ਜ਼ਮੀਨ ’ਤੇ ਪੈ ਰਿਹਾ ਹੈ ਜਿਹੜਾ ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ’ਚੋਂ ਲੰਘਦਾ ਹੈ। 2009 ’ਚ ਡਾ. ਵਹਾਬੁਦੀਨ ਮੁਕੰਮਲ ਸੂਰਜ ਗ੍ਰਹਿਣ ਦਾ ਅਧਿਐਨ ਕਰਨ ਚੀਨ ਗਏ ਸਨ।


ਭਾਰਤੀ ਸਮੇਂ ਮੁਤਾਬਕ ਰਾਤ 9.12 ਵਜੇ ਸ਼ੁਰੂ ਹੋਵੇਗਾ ਸੂਰਜ ਗ੍ਰਹਿਣ

ਭਾਰਤੀ ਤਾਰਾ ਭੌਤਿਕੀ ਸੰਸਥਾਨ ਬੈਂਗਲੁਰੂ ਦੇ ਸਾਬਕਾ ਵਿਗਿਆਨੀ ਪ੍ਰੋ. ਆਰਸੀ ਕਪੂਰ ਨੇ ਕਿਹਾ ਕਿ ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ 9.12 ਵਜੇ ਗ੍ਰਹਿਣ ਸ਼ੁਰੂ ਹੋਵੇਗਾ ਤੇ 2.22 ਵਜੇ ਤੱਕ ਰਹੇਗਾ। ਗ੍ਰਹਿਣ ਦੇਖਣ ਲਈ ਉੱਤਰੀ ਅਮਰੀਕਾ ’ਚ ਦੁਨੀਆ ਦੇ ਲਗਪਗ ਸਾਰੇ ਦੇਸ਼ਾਂ ਦੇ ਵਿਗਿਆਨੀ ਵੀ ਸ਼ਾਮਲ ਹੋਣਗੇ। ਲੰਬੀ ਮਿਆਦ ਦਾ ਹੋਣ ਕਾਰਨ ਹਰ ਕੋਈ ਇਸ ਗ੍ਰਹਿਣ ਦਾ ਗਵਾਹ ਬਣਨਾ ਚਾਹੁੰਦਾ ਹੈ।

Comments


Logo-LudhianaPlusColorChange_edited.png
bottom of page