16/01/2024
ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਗਏ ਹਨ। ਖਹਿਰਾ ਦੇ ਬਾਹਰ ਆਉਣ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਸੁਖਪਾਲ ਖਹਿਰਾ ਕਰੀਬ 100 ਦਿਨਾਂ ਤੋਂ ਵੱਧ ਸਮੇਂ ਤੋਂ ਇਸ ਜੇਲ੍ਹ ਵਿਚ ਨਜ਼ਰਬੰਦ ਸਨ। ਜੇਲ੍ਹ ’ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਮੇਰੀ ਬੈਰਕ ਵਿਚ ਬਕਾਇਦਾ ਕੈਮਰੇ ਲਗਾਏ ਗਏ ਸਨ। ਇੰਨੀ ਘਟੀਆ ਰਾਜਨੀਤੀ ਮੈਂ ਨਹੀਂ ਦੇਖੀ। ਮੈਨੂੰ ਸੱਚ ਬੋਲਣ ’ਤੇ ਜੇਲ੍ਹ ਭੇਜਿਆ ਗਿਆ ਪਰ ਮੈਂ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਾਂਗਾ, ਭਵਿੱਖ ’ਚ ਵੀ ਸਮੂਹ ਪੰਜਾਬ ਵਾਸੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਜੋ ਮੇਰੇ ਖ਼ਿਲਾਫ਼ ਐੱਨਡੀਪੀਸੀ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਬੇਬੁਨਿਆਦ ਤੇ ਗ਼ਲਤ ਹੈ। ਇਸ ਮੌਕੇ ਯੂਥ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਅਤੇ ਸੰਤੋਖ ਸਿੰਘ ਬੁੱਗਾ ਸਰਪੰਚ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੁਬਾਰਾ ਫਿਰ ਆ ਕੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਗੇ, ਉਹ ਬਿਲਕੁਲ ਵੀ ਡਰਨ ਵਾਲੇ ਨਹੀਂ ਹਨ।
Comments