google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੁਣ ਅੰਮ੍ਰਿਤਸਰੋਂ ਦਿੱਲੀ ਸਵਾ 5 ਘੰਟੇ 'ਚ, ਹਫ਼ਤੇ 'ਚ 6 ਦਿਨ ਚੱਲੇਗੀ ਵੰਦੇ ਭਾਰਤ ਟ੍ਰੇਨ; ਪਹਿਲੇ ਦਿਨ 505 ਯਾਤਰੀਆਂ ਨੇ ਕੀਤਾ ਸਫ਼ਰ

31/12/2023

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਦਿੱਤੀ ਝੰਡੀ ਤੋਂ ਬਾਅਦ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਬਿਨਾਂ ਇੰਜਣ ਦੀ ਭਾਰਤੀ ਰੇਲਵੇ (Indian Railways) ਦੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ (Vande Bharat Express) ਸ਼ਨਿਚਰਵਾਰ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਨਵੀਂ ਦਿੱਲੀ ਲਈ ਰਵਾਨਾ ਹੋਈ। ਇਸ ਰੇਲ ਗੱਡੀ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਤੋਂ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ। ਇਸ ਰੇਲਗੱਡੀ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀ ਯਾਤਰੀਆਂ ਨਾਲ ਬੈਠ ਕੇ ਸਫ਼ਰ ਦਾ ਆਨੰਦ ਮਾਣਿਆ। ਇਹ ਰੇਲ ਗੱਡੀ ਹਫ਼ਤੇ ਵਿੱਚ 6 ਦਿਨ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਜਾਣ-ਆਉਂਣ ਕਰੇਗੀ। ਗੱਡੀ ਸਵੇਰੇ 8.05 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ 1.25 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸ ਦਾ ਕਿਰਾਇਆ ਅਜੇ ਤੈਅ ਨਹੀਂ ਹੋਇਆ ਹੈ। ਇਹ ਟਰੇਨ ਅੰਮ੍ਰਿਤਸਰ ਤੋਂ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ, ਅੰਬਾਲਾ ਕੈਂਟ ਰਾਹੀਂ ਨਵੀਂ ਦਿੱਲੀ ਪਹੁੰਚੇਗੀ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ‘ਹੁਣ ਦਿੱਲੀ ਦੂਰ ਨਹੀਂ’ ਪਹਿਲਾਂ ਇੱਕ ਕਹਾਵਤ ਸੀ ਕਿ ਦਿੱਲੀ ਦੂਰ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸੱਚ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵਿਕਾਸ ਦਾ ਹੜ੍ਹ ਆ ਗਿਆ ਹੈ। ਰਾਸ਼ਟਰੀ ਰਾਜਮਾਰਗ ਹੋਵੇ ਜਾਂ ਰੇਲਗੱਡੀਆਂ, ਦੇਸ਼ ਵਿੱਚ ਹਰ ਖੇਤਰ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ੀ ਨਾਲ ਵਧੀ ਹੈ। ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਸ਼ੁਰੂ ਹੋਈ ਵੰਦੇ ਭਾਰਤ ਟਰੇਨ ਨੇ ਸਫਰ ਘਟਾ ਦਿੱਤਾ ਹੈ। ਇਸ ਆਧੁਨਿਕ ਰੇਲ ਗੱਡੀ ਵਿੱਚ ਯਾਤਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਜੋ ਲੋਕ ਹਵਾਈ ਸਫਰ ਕਰਨ ਦੇ ਯੋਗ ਨਹੀਂ ਹਨ, ਉਹ ਇਸ ਟਰੇਨ ’ਚ ਸਫਰ ਕਰ ਸਕਦੇ ਹਨ, ਕਿਉਂਕਿ ਇਸ ਟਰੇਨ ’ਚ ਯਾਤਰੀਆਂ ਨੂੰ ਹਵਾਈ ਸਫਰ ਵਰਗੀ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸੀਟਾਂ ਤੋਂ ਲੈ ਕੇ ਟਰੇਨਾਂ ਦੇ ਦਰਵਾਜ਼ਿਆਂ ਤੱਕ ਵੀ ਇਸੇ ਤਰਜ ’ਤੇ ਬਣਾਏ ਗਏ ਹਨ। ਦੇਸ਼ ਤਰੱਕੀ ਦੇ ਰਾਹ ’ਤੇ ਵੱਧ ਰਿਹਾ ਹੈ ਅਤੇ ਇਸ ਦੀ ਰਫ਼ਤਾਰ ਲਗਾਤਾਰ ਵਧਦੀ ਰਹੇਗੀ।


ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਪੰਜਾਬ ਅਤੇ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਤੋਹਫਾ ਹੈ। ਇਹ ਦਿਨ ਇਤਿਹਾਸ ਵਿੱਚ ਲਿਖਿਆ ਜਾਵੇਗਾ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਦਿੱਤਾ ਅਤੇ ਇਸ ਰੇਲ ਗੱਡੀ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਚਲਾਇਆ। ਉਹ ਇਸ ਰੇਲ ਗੱਡੀ ਨੂੰ ਲੈ ਕੇ ਰੇਲ ਮੰਤਰੀ ਨੂੰ ਵੀ ਮਿਲ ਚੁੱਕੇ ਹਨ। ਅੰਮ੍ਰਿਤਸਰ ਇਕ ਸੈਰ-ਸਪਾਟਾ ਸ਼ਹਿਰ ਹੈ ਅਤੇ ਇੱਥੇ ਲੱਖਾਂ ਸ਼ਰਧਾਲੂ ਆਉਂਦੇ ਹਨ। ਇਸ ਟਰੇਨ ਦੇ ਚੱਲਣ ਨਾਲ ਭਾਰਤ ਦੀ ਅਰਥ ਵਿਵਸਥਾ ’ਚ ਵੀ ਕਾਫੀ ਵਾਧਾ ਹੋਵੇਗਾ। ਇਸ ਟਰੇਨ ਦੇ ਚੱਲਣ ਨਾਲ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋਵੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਭਾਰਤ ਆਉਂਣਾ ਚਾਹੁੰਦੇ ਹਨ। ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਾ ਸੀ ਅਤੇ ਉਹ ਇਸ ਤਰ੍ਹਾਂ ਲਗਾਤਾਰ ਆਪਣਾ ਕੰਮ ਕਰ ਰਹੇ ਹਨ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਸੰਜੀਵ ਕੁਮਾਰ, ਸੀਸੀਐਮ ਕੈਟਰਿੰਗ ਨਵੀਂ ਦਿੱਲੀ ਬੜੌਦਾ ਹਾਊਸ ਜੀਐਮ ਸਿੰਘ, ਏਡੀਆਰਐਮ ਰਾਜਿੰਦਰ ਕੁਮਾਰ ਕਾਲੜਾ, ਚੀਫ ਏਰੀਆ ਮੈਨੇਜਰ ਤ੍ਰਿਲੋਕ ਸਿੰਘ, ਐਸਐਸ ਅਜੇ ਠਾਕੁਰ, ਡਿਪਟੀ ਐਸਐਸ ਕਮਰਸ਼ੀਅਲ ਪ੍ਰਦੀਪ ਕੁਮਾਰ ਸਿੰਘ, ਕੰਪਨੀ ਦੇ ਐਸਐਸ ਕਮਾਂਡਰ ਜੀਐਸ ਆਹਲੂਵਾਲੀਆ, ਥਾਣਾ ਜੀਆਰਪੀ ਦੇ ਇੰਚਾਰਜ ਬਲਵੀਰ ਸਿੰਘ ਆਦਿ ਹਾਜ਼ਰ ਸਨ।

ਵੰਦੇ ਭਾਰਤ ਐਕਸਪ੍ਰੈਸ 22487-22488 ਦੀ ਸਮਾਂ ਸਾਰਨੀ

ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ 22487-22488 ਦੀ ਸਮਾਂ ਸਾਰਨੀ ਅੰਮ੍ਰਿਤਸਰ ਤੋਂ ਸਵੇਰੇ 8.05 ਵਜੇ ਰਵਾਨਾ ਹੋਵੇਗੀ। ਇਹ 8.33 ’ਤੇ ਬਿਆਸ ਪਹੁੰਚੇਗੀ, ਫਿਰ ਉਥੋਂ 8.35 ’ਤੇ ਰਵਾਨਾ ਹੋਵੇਗੀ। 9.12 ’ਤੇ ਜਲੰਧਰ ਕੈਂਟ ਪਹੁੰਚੇਗਾ। ਉਥੇ ਦੋ ਮਿੰਟ ਰੁਕਣ ਤੋਂ ਬਾਅਦ ਇਹ ਉਥੋਂ ਰਵਾਨਾ ਹੋ ਕੇ 9.24 ਵਜੇ ਫਗਵਾੜਾ ਪਹੁੰਚੇਗੀ। ਇਹ ਸਵੇਰੇ 9.56 ਵਜੇ ਲੁਧਿਆਣਾ ਅਤੇ 11.14 ਵਜੇ ਅੰਬਾਲਾ ਕੈਂਟ ਪਹੁੰਚੇਗੀ, ਜਿੱਥੋਂ ਇਹ ਰੇਲ ਗੱਡੀ ਸਵੇਰੇ 11.16 ਵਜੇ ਰਵਾਨਾ ਹੋ ਕੇ ਦੁਪਹਿਰ 1.25 ਵਜੇ ਨਵੀਂ ਦਿੱਲੀ ਪਹੁੰਚੇਗੀ।

ਪਹਿਲੇ ਦਿਨ 505 ਯਾਤਰੀਆਂ ਨੇ ਕੀਤਾ ਮੁਫ਼ਤ ਸਫ਼ਰ

ਸ਼ਨਿਚਰਵਾਰ ਨੂੰ ਕਰੀਬ 505 ਯਾਤਰੀਆਂ ਨੇ ਇਸ ਟਰੇਨ ’ਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਮੁਫ਼ਤ ਸਫ਼ਰ ਕੀਤਾ। ਰੇਲਵੇ ਨੇ ਪਹਿਲੇ ਦਿਨ ਹੀ ਯਾਤਰੀਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ। ਟਰੇਨ ’ਚ ਸਫ਼ਰ ਕਰ ਰਹੇ ਯਾਤਰੀਆਂ ਨੇ ਇਸ ਟਰੇਨ ਨੂੰ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ ਦੱਸਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਨਵੇਂ ਸਾਲ ’ਤੇ ਪੰਜਾਬ ਵਾਸੀਆਂ ਨੂੰ ਇਹ ਤੋਹਫ਼ਾ ਦਿੱਤਾ ਹੈ। ਯਾਤਰੀਆਂ ਨੇ ਇਸ ਰੇਲਗੱਡੀ ਵਿੱਚ ਹਵਾਈ ਜਹਾਜ਼ ਵਿੱਚ ਬੈਠਣ ਵਾਂਗ ਮਹਿਸੂਸ ਕੀਤਾ।

コメント


Logo-LudhianaPlusColorChange_edited.png
bottom of page