19/02/2024
ਬੀਤੇ ਦਿਨ ਸਥਾਨਕ ਦਸ਼ਮੇਸ਼ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਅਧਿਆਪਕ ਚਮਨ ਲਾਲ ’ਤੇ ਕੁਝ ਵਿਅਕਤੀਆਂ ਨੇ ਸਕੂਲ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ। ਹਮਲਾਵਰ ਹੈੱਡ ਟੀਚਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਉਕਤ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ ਤੇ ਘਟਨਾ ਸਕੂਲ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਜ਼ਖ਼ਮੀ ਹੈੱਡ ਅਧਿਆਪਕ ਚਮਨ ਲਾਲ ਸਿਵਲ ਹਸਪਤਾਲ 'ਚ ਦਾਖ਼ਲ ਹੈ ਜਿੱਥੇ ਉਨ੍ਹਾਂ ਸਕੂਲ ਦੀ ਇੱਕ ਮਹਿਲਾ ਅਧਿਆਪਕ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਮਹਿਲਾ ਈਟੀਟੀ ਅਧਿਆਪਕਾ ਕਿਰਨਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਦੌਲਤ ਰਾਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵਿਭਾਗ ਦੇ ਬੀਪੀਈਓ ਜਗਦੀਪ ਸਿੰਘ ਨੂੰ ਸੌਂਪੀ ਗਈ ਹੈ। ਜਾਂਚ ਤੋਂ ਬਾਅਦ ਮਹਿਲਾ ਅਧਿਆਪਕ ਕਿਰਨਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਚਮਨ ਲਾਲ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ’ਚ ਬਤੌਰ ਹੈੱਡ ਅਧਿਆਪਕ ਸੇਵਾ ਨਿਭਾਅ ਰਿਹਾ ਹੈ। ਸਕੂਲ ’ਚ ਉਨ੍ਹਾਂ ਦੇ ਅਧੀਨ 12 ਅਧਿਆਪਕਾਂ ਦਾ ਸਟਾਫ਼ ਕੰਮ ਕਰ ਰਿਹਾ ਹੈ। ਮੁੱਖ ਅਧਿਆਪਕ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਸਕੂਲ ’ਚ ਵਿਭਾਗ ਵੱਲੋਂ ਜਾਰੀ ਕੀਤੇ ਨਿਯਮਾਂ ਨੂੰ ਲਾਗੂ ਕਰੇ ਜਿਸ ਕਾਰਨ ਸਕੂਲ ਦੀ ਇੱਕ ਮਹਿਲਾ ਅਧਿਆਪਕਾ ਉਸ ਨਾਲ ਰੰਜਿਸ਼ ਰੱਖ ਰਹੀ ਸੀ। ਬੀਤੇ ਸ਼ਨੀਵਾਰ ਜਦ ਉਹ ਦੁਪਹਿਰ 3 ਵਜੇ ਸਕੂਲ ਤੋਂ ਬਾਅਦ ਘਰ ਜਾਣ ਲੱਗਾ ਤਾਂ ਮਹਿਲਾ ਅਧਿਆਪਕ ਨੇ ਆਪਣੇ ਭਰਾ ਤੇ ਲੜਕੇ ਨੂੰ ਸਕੂਲ ਬੁਲਾਇਆ। ਮਹਿਲਾ ਅਧਿਆਪਕ ਦੇ ਭਰਾ ਨੇ ਆ ਕੇ ਕਿਹਾ ਕਿ ਉਹ ਚਮਨ ਲਾਲ ਹੈ ਤਾਂ ਉਸਨੇ ਕਿਹਾ ਹਾਂ ਮੈਂ ਚਮਨ ਲਾਲ ਹਾਂ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਿਲਾ ਅਧਿਆਪਕ ਦੇ ਲੜਕੇ ਤੇ ਉਹ ਆਪ ਹੀ ਉਸ ਨਾਲ ਲੜਨ ਲੱਗੇ। ਇਹ ਸਾਰੀ ਘਟਨਾ ਸਕੂਲ ’ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।
Comments