05 Nov 2023
ਬੀਤੇ ਕਈ ਦਿਨਾਂ ਤੋਂ ਹਾਦਸਿਆਂ ਨੂੰ ਸੱਦਾ ਦੇ ਰਹੀ ਸਮੋਗ ਨੇ ਐਤਵਾਰ ਨੂੰ ਸ਼ਗਨਾਂ ਵਾਲੇ ਵਿਹੜੇ ’ਚ ਸੱਥਰ ਵਿਛਾ ਦਿੱਤੇ। ਫ਼ਾਜ਼ਿਲਕਾ ਤੋਂ ਵਿਆਹੁਣ ਲਈ ਲੁਧਿਆਣਾ ਜਾ ਰਹੇ ਲਾੜੇ ਦੀ ਕਾਰ ਸੰਘਣੀ ਸਮੋਗ ਕਾਰਨ ਸੜਕ ਕਿਨਾਰੇ ਖੜ੍ਹੇ ਟਰੱਕ ’ਚ ਜਾ ਵੱਜੀ। ਇਸ ਹਾਦਸੇ ’ਚ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਸਮੇਤ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ।ਪਿੰਡ ਓਝਾਂਵਾਲੀ ਦੇ ਵਸਨੀਕ ਸੰਤਾ ਸਿੰਘ ਨੇ ਦੱਸਿਆ ਕਿ ਉਸਦੇ ਭਤੀਜੇ ਸੁਖਵਿੰਦਰ ਸਿੰਘ ਦਾ ਐਤਵਾਰ ਨੂੰ ਵਿਆਹ ਸੀ। ਸ਼ਨਿਚਰਵਾਰ ਰਾਤ ਕਰੀਬ 2 ਵਜੇ ਬਰਾਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁੱਢੋਵਾਲ ਲਈ ਰਵਾਨਾ ਹੋਈ। ਸੁਖਵਿੰਦਰ ਸਿੰਘ ਸਵਿਫਟ ਕਾਰ ’ਚ ਸਵਾਰ ਸੀ। ਉਸ ਨਾਲ ਉਸ ਦਾ ਜੀਜਾ ਅੰਗਰੇਜ਼ ਸਿੰਘ, ਭੂਆ ਦੀ ਲੜਕੀ ਸਿਮਰਨਜੀਤ, ਭਤੀਜੀ ਅੰਸ਼ੂ, ਭਰਜਾਈ ਸੀਮਾ ਰਾਣੀ ਤੇ ਕਾਰ ਚਾਲਕ ਮਹਿੰਦਰ ਸਿੰਘ ਵੀ ਸਨ। ਕਾਰ ਜਦੋਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਕਸਬਾ ਅਜੀਤਵਾਲ ਪੁੱਜੀ ਤਾਂ ਇੱਥੇ ਇਕ ਢਾਬੇ ’ਤੇ ਸੜਕ ਕਿਨਾਰੇ ਝੋਨੇ ਨਾਲ ਭਰਿਆ ਟਰੱਕ ਖੜ੍ਹਾ ਸੀ।
ਸਮੋਗ ਕਾਰਨ ਉਹ ਦਿਖਾਈ ਨਾ ਦਿੱਤਾ ਤੇ ਕਾਰ ਸਿੱਧੀ ਟਰੱਕ ’ਚ ਜਾ ਵੱਜੀ। ਪ੍ਰਤੱਖ ਦਰਸ਼ੀਆਂ ਮੁਤਾਬਕ ਟੱਕਰ ਬਹੁਤ ਖ਼ਤਰਨਾਕ ਸੀ। ਇਸ ਹਾਦਸੇ ’ਚ ਲਾੜੇ ਸੁਖਵਿੰਦਰ ਸਿੰਘ (25), ਬੱਚੀ ਅੰਸ਼ੂ (3), ਸਿਮਰਨਜੀਤ (30) ਤੇ ਅੰਗਰੇਜ਼ ਸਿੰਘ (30) ਦੀ ਮੌਤ ਹੋ ਗਈ। ਜਦਕਿ ਲਾੜੇ ਦੀ ਭਰਜਾਈ ਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਪੁਲਿਸ ਨੇ ਜਗਰਾਓਂ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਉਸ ਵੇਲੇ ਸੰਘਣੀ ਸਮੋਗ ਛਾਈ ਹੋਈ ਸੀ। ਥਾਣਾ ਅਜੀਤਵਾਲ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਟਰੱਕ ਚਾਲਕ ਗੁਰਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਿਖੀਵਿੰਡ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
Comments