ਲੁਧਿਆਣਾ, 26 ਅਕਤੂਬਰ
'ਸਵੱਛਤਾ ਦੀ ਲਹਿਰ' ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸ਼ਨੀਵਾਰ ਨੂੰ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਫ਼ਾਈ ਅਤੇ ਪਲਾਸਟਿਕ ਪਲਾਗਿੰਗ ਮੁਹਿੰਮ 'ਚ ਹਿੱਸਾ ਲਿਆ।
ਇਸ ਮੁਹਿੰਮ ਦੌਰਾਨ ਭਾਗ ਲੈਣ ਵਾਲਿਆਂ ਦੇ ਨਾਲ ਵਿਧਾਇਕ ਪਰਾਸ਼ਰ ਅਤੇ ਛੀਨਾ ਨੇ ਵੀ ਝਾੜੂ ਚੁਕਿਆ ਅਤੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕੀਤਾ। ਇਸ ਮੁਹਿੰਮ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ (ਜ਼ੋਨ ਬੀ) ਨੀਰਜ ਜੈਨ ਸਮੇਤ ਹੋਰ ਨਗਰ ਨਿਗਮ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਸਫਾਈ ਅਭਿਆਨ ਦੌਰਾਨ ਵਿਧਾਇਕਾਂ ਅਤੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਕੂੜੇ ਦੇ ਪ੍ਰਬੰਧਨ ਵਿੱਚ ਅਧਿਕਾਰੀਆਂ ਦਾ ਸਹਿਯੋਗ ਕਰਨ ਲਈ ਜਾਗਰੂਕਤਾ ਵੀ ਫੈਲਾਈ। ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪਣ ਅਤੇ ਕੂੜਾ ਖੁੱਲ੍ਹੀਆਂ ਥਾਵਾਂ/ਖਾਲੀ ਪਲਾਟਾਂ ਵਿੱਚ ਸੁੱਟਣਾ ਬੰਦ ਕਰਨ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹਿਰ ਵਿੱਚ ਪੰਦਰਵਾੜਾ ਚੱਲਣ ਵਾਲੀ ਮੁਹਿੰਮ 'ਸਵੱਛਤਾ ਦੀ ਲਹਿਰ' ਦੀ ਸ਼ੁਰੂਆਤ ਕੀਤੀ ਗਈ ਹੈ। ਨਗਰ ਨਿਗਮ ਨੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ, ਸ਼ਹਿਰ ਦੇ ਪ੍ਰਵੇਸ਼ ਸਥਾਨਾਂ, ਬਾਜ਼ਾਰਾਂ, ਧਾਰਮਿਕ ਸਥਾਨਾਂ, ਪਾਰਕਾਂ ਆਦਿ ਨੂੰ ਕਵਰ ਕਰਨ ਲਈ ਇੱਕ ਸ਼ਡਿਊਲ ਤਿਆਰ ਕੀਤਾ ਹੈ ਅਤੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਵੱਛਤਾ ਅਭਿਆਨ ਵਿੱਚ ਗੈਰ ਸਰਕਾਰੀ ਸੰਸਥਾਵਾਂ/ਵਿਦਿਅਕ ਸੰਸਥਾਵਾਂ/ਨਿਵਾਸੀਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਡੇਚਲਵਾਲ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀ ਸਫਾਈ ਅਭਿਆਨ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਜਾਂਚ ਕਰਨ ਲਈ ਅਚਨਚੇਤ ਨਿਰੀਖਣ ਵੀ ਕਰਨਗੇ।
ਇਸ ਦੌਰਾਨ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ।
Comments