google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਰਦੀਆਂ ਦਾ ਮੌਸਮ ਹੋ ਸਕਦੈ ਤੁਹਾਡੇ ਦਿਲ ਲਈ ਖ਼ਤਰਨਾਕ, ਜਾਣੋ ਕਿਹੜੇ ਤਰੀਕਿਆਂ ਨਾਲ ਕਰ ਸਕਦੇ ਹੋ ਬਚਾਅ

17/11/2023

ਸਰਦੀਆਂ ਦਾ ਮੌਸਮ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਇਸ ਮਹੀਨੇ ਗਰਮਾ-ਗਰਮ ਕੌਫੀ ਪੀਣਾ, ਰਜਾਈ 'ਚ ਬੈਠਣਾ ਜਾਂ ਕਈ ਥਾਵਾਂ 'ਤੇ ਬਰਫਬਾਰੀ ਦੇਖਣ ਜਾਣਾ, ਇਹ ਸਾਰੀਆਂ ਚੀਜ਼ਾਂ ਸਰਦੀਆਂ ਦਾ ਮਜ਼ਾ ਵਧਾ ਦਿੰਦੀਆਂ ਹਨ ਪਰ ਜ਼ਰੂਰੀ ਨਹੀਂ ਕਿ ਇਹ ਮੌਸਮ ਤੁਹਾਡੇ ਦਿਲ ਨੂੰ ਵੀ ਸੁਹਾਵਣਾ ਲੱਗੇ। ਸਰਦੀਆਂ ਦੇ ਮੌਸਮ 'ਚ ਦਿਲ ਦੀ ਸਿਹਤ ਵਿਗੜਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ ਜਿਸ ਵਿਚ ਦਿਲ ਦਾ ਦੌਰਾ ਅਤੇ ਹਾਈਪਰਟੈਨਸ਼ਨ ਵੀ ਸ਼ਾਮਲ ਹੈ। ਇਸ ਲਈ ਇਸ ਮੌਸਮ 'ਚ ਦਿਲ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਪਰ ਸਰਦੀ ਦਾ ਮੌਸਮ ਦਿਲ ਲਈ ਘਾਤਕ ਕਿਉਂ ਹੋ ਸਕਦਾ ਹੈ? ਇਸ ਦਾ ਕਾਰਨ ਕੀ ਹੈ? ਆਓ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਜਾਂਦਾ ਹੈ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ।


ਇਸ ਕਾਰਨ ਵਧਦਾ ਹੈ ਦਿਲ ਦਾ ਦੌਰਾ ਪੈਣ ਦਾ ਖਤਰਾ...

ਸਰਦੀਆਂ 'ਚ ਬਾਹਰ ਦਾ ਤਾਪਮਾਨ ਤੁਹਾਡੇ ਸਰੀਰ ਨਾਲੋਂ ਘੱਟ ਹੁੰਦਾ ਹੈ, ਇਸ ਤਾਪਮਾਨ ਨੂੰ ਬਣਾਈ ਰੱਖਣ ਲਈ ਵੈਸੋਕੰਸਟ੍ਰਕਸ਼ਨ ਹੁੰਦਾ ਹੈ, ਯਾਨੀ ਤੁਹਾਡੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਖੂਨ ਦੀਆਂ ਨਾੜੀਆਂ 'ਚ ਸੁੰਗੜਨ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤੇ ਦਿਲ ਨੂੰ ਖੂਨ ਪੰਪ ਕਰਨ 'ਚ ਮੁਸ਼ਕਲ ਹੋਣ ਲੱਗਦੀ ਹੈ ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਖ਼ੂਨ ਦੀਆਂ ਨਾੜੀਆਂ ਦੇ ਤੰਗ ਹੋਣ ਕਾਰਨ ਖ਼ੂਨ ਦੇ ਥੱਕੇ ਬਣਨ ਦਾ ਖਤਰਾ ਵੀ ਵਧ ਜਾਂਦਾ ਹੈ ਜਿਸ ਕਾਰਨ ਦਿਲ ਤਕ ਖੂਨ ਪਹੁੰਚਣ 'ਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਸਰਦੀਆਂ 'ਚ ਸਾਡੀ ਸਰੀਰਕ ਗਤੀਵਿਧੀ ਕਾਫ਼ੀ ਘੱਟ ਜਾਂਦੀ ਹੈ ਤੇ ਜ਼ਿਆਦਾ ਚਰਬੀ ਵਾਲੇ ਭੋਜਨ ਨੂੰ ਸਾਡੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਕਸਰਤ ਦੀ ਕਮੀ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ ਤੇ ਕੋਲੈਸਟ੍ਰੋਲ ਵੀ ਵਧ ਸਕਦਾ ਹੈ। ਇਹ ਦੋਵੇਂ ਕਾਰਕ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵਧਾਉਂਦੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਨਾ ਸਿਰਫ਼ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ ਸਗੋਂ ਹਾਈਪਰਟੈਨਸ਼ਨ, ਸਟ੍ਰੋਕ, ਹਾਰਟ ਐਰੀਥਮੀਆ ਆਦਿ ਦਾ ਵੀ ਖ਼ਤਰਾ ਵਧ ਜਾਂਦਾ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਰਦੀਆਂ 'ਚ ਇਸ ਤੋਂ ਬਚਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਇਹ ਹਨ ਦਿਲ ਦੇ ਦੌਰੇ ਦੇ ਲੱਛਣ...

ਛਾਤੀ 'ਚ ਦਰਦ ਜਾਂ ਦਬਾਅ ਮਹਿਸੂਸ ਕਰਨਾ

ਸਾਹ ਲੈਣ 'ਚ ਤਕਲੀਫ਼

ਬਹੁਤ ਜ਼ਿਆਦਾ ਪਸੀਨਾ ਆਉਣਾ

ਛਾਤੀ 'ਚ ਦਰਦ ਜੋ ਮੋਢਿਆਂ ਜਾਂ ਜਬਾੜੇ ਤਕ ਫੈਲ ਰਿਹਾ ਹੋਵੇ

ਬੇਹੋਸ਼ ਹੋਣਾ

ਮਤਲੀ ਮਹਿਸੂਸ ਕਰਨਾ


ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼...

ਸਰਦੀਆਂ ਦੇ ਮੌਸਮ 'ਚ ਅਸੀਂ ਇੱਕ ਜਗ੍ਹਾ ਬੈਠੇ ਰਹਿੰਦੇ ਹਾਂ। ਆਮ ਤੌਰ 'ਤੇ ਅਸੀਂ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਲਈ ਅਜਿਹਾ ਕਰਦੇ ਹਾਂ, ਪਰ ਇਹ ਸਾਡੇ ਦਿਲ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਬੈਠਣ ਵਾਲੀ ਜੀਵਨਸ਼ੈਲੀ ਨਾ ਅਪਣਾਓ ਯਾਨੀ ਜ਼ਿਆਦਾ ਦੇਰ ਤਕ ਇਕ ਥਾਂ 'ਤੇ ਬੈਠਣ ਤੋਂ ਬਚੋ।


ਇਸ ਮੌਸਮ 'ਚ ਕਈ ਲੋਕ ਆਪਣੇ ਆਪ ਨੂੰ ਗਰਮ ਰੱਖਣ ਲਈ ਸ਼ਰਾਬ ਨੂੰ ਬਿਹਤਰ ਵਿਕਲਪ ਮੰਨਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਸ਼ਰਾਬ ਨਾ ਪੀਓ।

ਸਰਦੀਆਂ ਦੇ ਮੌਸਮ 'ਚ ਅਸੀਂ ਆਮ ਤੌਰ 'ਤੇ ਚੀਨੀ ਤੇ ਚਰਬੀ ਵਾਲਾ ਭੋਜਨ ਖਾਂਦੇ ਹਾਂ ਪਰ ਇਹ ਦਿਲ ਲਈ ਨੁਕਸਾਨਦੇਹ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਭੋਜਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਜ਼ਿਆਦਾ ਨਮਕ ਖਾਣ ਨਾਲ ਵੀ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਕਾਰਨ ਭੋਜਨ 'ਚ ਨਮਕ ਦੀ ਮਾਤਰਾ ਨੂੰ ਕੰਟਰੋਲ ਕਰੋ।


ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ


  • ਕਿਰਿਆਸ਼ੀਲ ਜੀਵਨਸ਼ੈਲੀ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰ ਸਕਦੀ ਹੈ। ਇਸ ਲਈ ਰੋਜ਼ਾਨਾ ਕਸਰਤ ਕਰੋ। ਆਪਣੀ ਖੁਰਾਕ 'ਚ ਸਿਹਤਮੰਦ ਭੋਜਨ ਪਦਾਰਥਾਂ ਨੂੰ ਸ਼ਾਮਲ ਕਰੋ। ਇਸ ਨਾਲ ਕੋਲੈਸਟ੍ਰੋਲ ਨਹੀਂ ਵਧੇਗਾ ਤੇ ਤੁਹਾਡਾ ਭਾਰ ਵੀ ਠੀਕ ਰਹੇਗਾ।

  • ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਤੇ ਇਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਬਲੱਡ ਪ੍ਰੈਸ਼ਰ ਵਧਦਾ ਦੇਖਿਆ ਜਾਵੇ ਤਾਂ ਡਾਕਟਰ ਦੀ ਸਲਾਹ ਲਓ।

  • ਸ਼ਰਾਬ ਅਤੇ ਸਿਗਰਟ ਦੀ ਵਰਤੋਂ ਨਾ ਕਰੋ। ਇਹ ਦੋਵੇਂ ਤੁਹਾਡੇ ਦਿਲ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਕਾਰਨ ਹੋਰ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।

  • ਤਣਾਅ ਕੰਟਰੋਲ ਕਰਨ ਲਈ ਯੋਗਾ ਤੇ ਧਿਆਨ ਆਦਿ ਦੀ ਮਦਦ ਲਓ। ਤਣਾਅ ਦਾ ਦਿਲ 'ਤੇ ਮਾੜਾ ਅਸਰ ਪੈਂਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ।

  • ਨੀਂਦ ਦੀ ਕਮੀ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਹਰ ਰੋਜ਼ ਸਿਰਫ 7-8 ਘੰਟੇ ਸੌਣ ਦੀ ਕੋਸ਼ਿਸ਼ ਕਰੋ।

  • ਸਰੀਰ ਦਾ ਤਾਪਮਾਨ ਘੱਟ ਹੋਣ ਕਾਰਨ ਧਮਨੀਆਂ ਸੁੰਗੜ ਸਕਦੀਆਂ ਹਨ। ਇਸ ਲਈ, ਆਪਣੇ ਆਪ ਨੂੰ ਗਰਮ ਰੱਖਣ ਲਈ ਗਰਮ ਕੱਪੜੇ ਪਹਿਨੋ ਤੇ ਆਪਣੇ ਕੰਨ ਵੀ ਢੱਕ ਕੇ ਰੱਖੋ।

  • ਜੇਕਰ ਤੁਹਾਨੂੰ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ ਆਦਿ ਵਰਗੀ ਕੋਈ ਸਮੱਸਿਆ ਹੈ ਤਾਂ ਡਾਕਟਰ ਤੋਂ ਨਿਯਮਤ ਜਾਂਚ ਕਰਵਾਓ ਅਤੇ ਬਿਮਾਰੀਆਂ ਦੇ ਲੱਛਣਾਂ ਵੱਲ ਧਿਆਨ ਦਿਓ।


Disclaimer : ਲੇਖ 'ਚ ਦਰਸਾਈ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Comments


Logo-LudhianaPlusColorChange_edited.png
bottom of page