23/02/2024
ਫਤਹਿਗੜ੍ਹ ਚੂੜੀਆਂ ਵਿਖੇ ਤਲਾਬਵਾਲਾ ਮੰਦਿਰ ਸਾਹਮਣੇ ਗਲੀ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਇੱਕ ਅਧਿਆਪਕ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (32) ਪੁੱਤਰ ਜਗਦੇਵ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਆਪਣੇ ਤਿੰਨ ਹੋਰ ਸਾਥੀ ਅਧਿਆਪਕਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਅਧਿਆਪਕ ਮਨਪ੍ਰੀਤ ਸਿੰਘ ਦੀ ਮੌਤ ਦਾ ਪਤਾ ਦੇਰ ਸ਼ਾਮ ਪਤਾ ਲੱਗਾ, ਜਦ ਉਸਦੇ ਸਾਥੀ ਮਕਾਨ ’ਚ ਆਏ। ਘਟਨਾ ਦੀ ਸੂਚਨਾ ਮਿਲਦੇ ਹੀ ਫਤਹਿਗੜ੍ਹ ਚੂੜੀਆਂ ਦੇ ਐੱਸਐੱਚਓ ਰਾਜਬੀਰ ਕੌਰ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਾਲ ਰਹਿੰਦੇ ਅਧਿਆਪਕ ਹਰਜਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਸਵੇਰੇ ਤਿੰਨੇ ਜਣੇ ਆਪਣੇ ਸਰਕਾਰੀ ਸਕੂਲ ਮਾਕੋਵਾਲ ਚਲੇ ਗਏ ਸਨ, ਜਦਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਕੂਲ ਪਿੰਡ ਪੰਧੇਰ ਕਲਾਂ ਬਾਅਦ ਵਿਚ ਜਾਵੇਗਾ, ਤੁਸੀ ਚਲੇ ਜਾਉ। ਉਨ੍ਹਾਂ ਅੱਗੇ ਦੱਸਿਆ ਕਿ ਜਦ ਉਹ ਦੇਰ ਸ਼ਾਮ ਵਾਪਿਸ ਆਏ ਤਾਂ ਉਨ੍ਹਾਂ ਦੇਖਿਆ ਕੇ ਉਨ੍ਹਾਂ ਦੇ ਸਾਥੀ ਅਧਿਆਪਕ ਮਨਪ੍ਰੀਤ ਛੱਤ ਵਾਲੇ ਪੱਖੇ ਨਾਲ ਲਟਕਿਆ ਪਿਆ ਸੀ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਨੂੰ ਤਿੰਨ ਦਿਨ ਬਾਅਦ ਇੱਕਠੀਆਂ ਹੀ ਤਿੰਨ ਖੁਸ਼ੀਆਂ ਮਿਲਨ ਵਾਲੀਆਂ ਸਨ, ਜਿੰਨ੍ਹਾਂ ’ਚ ਪਹਿਲੀ ਤਿੰਨ ਦਿਨ ਬਾਅਦ ਉਸ ਦਾ ਅਤੇ ਉਸ ਦੀ ਪਤਨੀ ਜੋ ਸਰਕਾਰੀ ਅਧਿਆਪਕ ਹੈ, ਦੋਵਾਂ ਦਾ ਨੌਕਰੀ ਦਾ ਪ੍ਰੋਵੇਸ਼ਨਲ ਪੀਅਰਡ ਖ਼ਤਮ ਹੋਣ ਜਾ ਰਿਹਾ ਸੀ ਅਤੇ ਦੋਵੇਂ ਹੀ ਪੱਕੇ ਅਧਿਆਪਕ ਬਣਨ ਜਾ ਰਹੇ ਸਨ ਅਤੇ ਤਿੰਨ ਦਿਨ ਬਾਅਦ ਹੀ ਉਹ ਪਿਤਾ ਬਣਨ ਜਾ ਰਿਹਾ ਸੀ। ਇਸ ਸਬੰਧੀ ਐੱਸਐੱਚਓ ਰਾਜਬੀਰ ਕੌਰ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਮ੍ਰਿਤਕ ਦੇ ਪਰਿਵਾਰ ਨੂੰ ਸ਼ੌਪ ਦਿੱਤੀ ਹੈ। ਐੱਸਐੱਚਓ ਰਾਜਬੀਰ ਕੌਰ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਭਰਾ ਸੰਦੀਪ ਸਿੰਘ ਨੇ ਪੁਲਿਸ ਨੂੰ ਬਿਆਨ ਲਿਖਾਇਆ ਹੈ ਕਿ ਉਸਦੇ ਭਰਾ ਮਨਪ੍ਰੀਤ ਸਿੰਘ ਨੂੰ ਇੱਕ ਲੜਕੀ ਵਿਆਹ ਕਰਾਉਣ ਲਈ ਤੰਗ ਪਰੇਸ਼ਾਨ ਕਰਦੀ ਆ ਰਹੀ ਸੀ, ਜਿਸ ਦੇ ਚਲਦਿਆਂ ਮਾਨਸਿਕ ਪੇ੍ਰਸ਼ਾਨੀ ਦੌਰਾਨ ਮਨਪ੍ਰੀਤ ਸਿੰਘ ਨੇ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ। ਐੱਸਐੱਚਓ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਵਿਰੁੱਧ ਧਾਰਾ 306 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ।
Commenti