23/11/2023
ਸਰੀ ਦੇ ਭਾਰੀ ਆਵਾਜਾਈ ਵਾਲੇ ਪਾਇਲ ਬਿਜਨੈਸ ਸੈਂਟਰ ਵਿਚ ਅੱਜ ਸਵੇਰੇ ਬੰਦੂਕ ਦੀ ਨੋਕ ਤੇ ਲੁੱਟ ਖੋਹ ਹੋਣ ਦੀ ਖਬਰ ਹੈ। ਮੌਕੇ ਤੇ ਪੁੱਜੀ ਆਰ ਸੀ ਐਮ ਪੀ ਟੀਮ ਵਲੋਂ ਘਟਨਾ ਦੀ ਜਾਂਚ ਦੇ ਨਾਲ ਲੋਕਾਂ ਤੋਂ ਵਧੇਰੇ ਜਾਣਕਾਰੀ ਦੀ ਮਦਦ ਮੰਗੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਰੀ ਦੀ 128 ਸਟਰੀਟ ਦੇ 8100 ਬਲਾਕ ਤੇ ਸਥਿਤ ਇਕ ਸਟੋਰ ਵਿਚ ਬੁੱਧਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟ ਕੀਤੀ ਗਈ ।ਇਸ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸਨੂੰ ਹਸਪਤਾਲ ਲਿਜਾਇਆ ਗਿਆ ਹੈ।ਇਸ ਵਾਰਦਾਤ ਸਬੰਧੀ ਜਾਣਕਾਰੀ ਮਿਲਣ ਤੇ ਕਾਲ ਦੇ ਕੁਝ ਮਿੰਟਾਂ ਵਿਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।ਸ਼ੱਕੀ ਲੁਟੇਰੇ ਭੱਜਣ ਵਿਚ ਕਾਮਯਾਬ ਰਹੇ । ਕਿਹਾ ਗਿਆ ਹੈ ਕਿ ਉਹ ਗੂੜ੍ਹੇ ਰੰਗ ਦੇ ਪਿਕਅੱਪ ਟਰੱਕ ‘ਚ ਫਰਾਰ ਹੋ ਗਏ । ਪੁਲਿਸ ਗਵਾਹਾਂ ਦੇ ਬਿਆਨਾਂ ਦੇ ਨਾਲ-ਨਾਲ ਖੇਤਰ ਤੋਂ ਵੀਡੀਓ ਨਿਗਰਾਨੀ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ।ਇਲਾਕੇ ਵਿੱਚ ਕੋਈ ਵੀ ਵਿਅਕਤੀ ਜਿਸਨੇ ਇਸ ਘਟਨਾ ਨੂੰ ਦੇਖਿਆ ਹੈ ਜਾਂ ਜਿਸ ਕੋਲ ਵੀਡੀਓ ਹੈ, ਉਸਨੂੰ ਸਰੀ RCMP ਨਾਲ 604-599-0502 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਚਰਚਾ ਹੈ ਕਿ ਇਹ ਲੁੱਟ ਖੋਹ ਪਾਇਲ ਬਿਜਨੈਸ ਸੈਂਟਰ ਵਿਚ ਸਥਿਤ ਇਕ ਮਨੀ ਐਕਸਚੇਂਜ ਵਾਲੇ ਦਫਤਰ ਵਿਚ ਹੋਈ ਹੈ। ਲੁਟੇਰਿਆਂ ਦੀ ਗਿਣਤੀ ਚਾਰ ਦੱਸੀ ਜਾਂਦੀ ਹੈ ਜੋ ਲਗਪਗ 10,000 ਡਾਲਰ ਦੀ ਨਗਦੀ ਖੋਹਕੇ ਭੱਜਣ ਵਿਚ ਸਫਲ ਰਹੇ ਹਨ।
Comments