14/11/2024
ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਇਆ ਧੂੰਆਂ ਤੇ ਮੌਸਮ ਦੀ ਤਬਦੀਲੀ ਕਾਰਨ ਬਣੀ ਸਮੌਗ ਨੇ ਸੂਬੇ ਦੇ ਹਾਲਾਤ ਬੀਤੇ ਕੱਲ੍ਹ ਨਾਲੋਂ ਵੀ ਖ਼ਰਾਬ ਕਰ ਦਿੱਤੇ। ਮੰਗਲਵਾਰ ਰਾਤ ਨੂੰ ਪੂਰਾ ਸੂਬਾ ਸਮੌਗ ਦੀ ਚਾਦਰ ’ਚ ਲਿਪਟ ਗਿਆ ਸੀ। ਬੁੱਧਵਾਰ ਸਵੇਰ ਤੱਕ ਤਾਂ ਹਵਾ ਏਨੀ ਜ਼ਹਿਰੀਲੀ ਹੋ ਗਈ ਕਿ ਲੋਕ ਘਰਾਂ ’ਚ ਡੱਕੇ ਰਹਿਣ ਲਈ ਮਜਬੂਰ ਹੋ ਗਏ ਹਨ। ਬਾਹਰ ਬਜ਼ੁਰਗਾਂ ਤੇ ਬੱਚਿਆਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਸੂਬੇ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖ਼ਤਰਨਾਕ ਪੱਧਰ ’ਤੇ ਪੁੱਜ ਗਿਆ ਹੈ। ਹਾਲਤ ਇਹ ਹੋ ਗਈ ਹੈ ਕਿ ਸਮੌਗ ਕਾਰਨ ਸੂਰਜ ਦੀ ਰੋਸ਼ਨੀ ਵੀ ਧਰਤੀ ਤੱਕ ਨਹੀਂ ਪਹੁੰਚ ਰਹੀ ਤੇ ਸੂਬੇ ਦੇ ਬਹੁਤੇ ਇਲਾਕਿਆਂ ’ਚ ਬੁੱਧਵਾਰ ਨੂੰ ਸੂਰਜ ਨਜ਼ਰ ਨਹੀਂ ਆ ਸਕਿਆ। ਬਾਰਿਸ਼ ਨਾ ਹੋਣ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਵਿਜ਼ੀਬਿਲਿਟੀ ਘੱਟ ਹੋਣ ਕਾਰਨ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਉਦਯੋਗਿਕ ਕਸਬੇ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ 322 ਤੇ ਅੰਮ੍ਰਿਤਸਰ ਦਾ ਏਕਿਊਆਈ 310 ’ਤੇ ਪੁੱਜ ਗਿਆ।
ਓਧਰ ਹਾਲਾਤ ਏਨੇ ਖ਼ਰਾਬ ਹੋਣ ਦੇ ਬਾਵਜੂਦ ਪਰਾਲੀ ਸਾੜਣ ਦੀਆਂ ਘਟਨਾਵਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਬੁੱਧਵਾਰ ਨੂੰ ਪਰਾਲੀ ਸਾੜਣ ਦੇ 509 ਤਾਜ਼ਾ ਮਾਮਲਿਆਂ ਨੇ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਵਾਤਾਵਰਣ ਨੂੰ ਹੋਰ ਜ਼ਹਿਰੀਲਾ ਕਰ ਦਿੱਤਾ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 7621 ਤੱਕ ਪੁੱਜ ਗਈ ਹੈ। ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਫ਼ਰੀਦਕੋਟ ਤੇ ਫ਼ਿਰੋਜ਼ਪੁਰ ’ਚ 91-91 ਮਿਲੇ। ਮੋਗਾ ’ਚ 88, ਮੁਕਸਤਰ ’ਚ 79, ਤਰਨਤਾਰਨ ’ਚ 40, ਮਾਨਸਾ ’ਚ 24, ਬਰਾਨਾਲਾ ’ਚ 16, ਫ਼ਾਜ਼ਿਲਕਾ ’ਚ 14, ਸੰਗਰੂਰ ’ਚ ਸੱਤ ਤੇ ਅੰਮ੍ਰਿਤਸਰ ’ਚ ਪੰਜ ਕੇਸ ਮਿਲੇ।
ਕਿੱਥੇ ਰਿਹਾ ਕਿੰਨਾ ਏਕਿਊਆਈ
ਸ਼ਹਿਰ ਵੱਧ ਤੋਂ ਵੱਧ ਔਸਤ
ਅੰਮ੍ਰਿਤਸਰ -----------413 ---------310
ਬਠਿੰਡਾ -------------321---------------120
ਜਲੰਧਰ ----------349--------------220
ਲੁਧਿਆਣਾ --------500--------------216
ਮੰਡੀ ਗੋਬਿੰਦਗੜ੍ਹ -------450----------322
ਪਟਿਆਲਾ ----------459-------------246
ਰੂਪਨਗਰ -----------307-------------189
15 ਤੱਕ ਰਾਹਤ ਦੇ ਆਸਾਰ ਨਹੀਂ
ਮੌਸਮ ਮਾਹਰਾਂ ਮੁਤਾਬਕ 15 ਨਵੰਬਰ ਤੱਕ ਸਥਿਤੀ ਇਸੇ ਤਰ੍ਹਾਂ ਬਣੀ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਨਮੀ ਦੀ ਮਾਤਰਾ ’ਚ ਵਾਧਾ ਹੋਇਆ ਹੈ। ਨਤੀਜੇ ਵਜੋਂ ਸਵੇਰੇ ਸੰਘਣੀ ਧੁੰਦ ਪੈਣ ਲੱਗੀ ਹੈ। ਪਰਾਲੀ ਤੇ ਪਟਾਕਿਆਂ ਦੇ ਧੂੰਏਂ ਨੇ ਹਾਲਾਤ ਖ਼ਰਾਬ ਕਰ ਦਿੱਤੇ। ਨਮੀ ਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਇਹ ਧੂੰਆਂ ਖਿੱਲਰਦਾ ਨਹੀਂ ਜਿਸ ਕਾਰਨ ਇਸ ਦਾ ਗਿਲਾਫ਼ ਬਣ ਜਾਂਦਾ ਹੈ ਜੋ ਸੂਰਜ ਦੀ ਰੋਸ਼ਨੀ ਨੂੰ ਧਰਤੀ ਦੀ ਸਤ੍ਹਾ ਤੱਕ ਆਉਣ ਨਹੀਂ ਦਿੰਦਾ।
ਸਮੌਗ ਕਾਰਨ ਦਿੱਲੀ-ਅੰਮ੍ਰਿਤਸਰ ਫਲਾਈਟ ਰੱਦ, ਕਈ ਦੇਰੀ ਨਾਲ ਪੁੱਜੀਆਂ
ਸੂਬੇ ’ਚ ਸਮੌਗ ਤੇ ਧੁੰਦ ਦਾ ਅਸਰ ਉਡਾਣਾਂ ’ਤੇ ਵੀ ਲਗਾਤਾਰ ਪੈ ਰਿਹਾ ਹੈ। ਬੁੱਧਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 5103 ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਛੇ ਘੰਟੇ ਲੇਟ ਹੋਈ। ਇਹ ਫਲਾਈਟ ਸਵੇਰੇ ਸੱਤ ਵਜੇ ਪਹੁੰਚਦੀ ਹੈ, ਪਰ ਮੌਸਮ ਖ਼ਰਾਬ ਹੋਣ ਕਾਰਨ ਇਹ ਇਕ ਵਜੇ ਪੁੱਜੀ। ਇਸ ਦੇ ਨਾਲ ਹੀ ਸਪਾਈਸ ਜੈਟ ਦੀ ਫਲਾਈਟ ਨੰਬਰ ਐੱਸਜੀ 65 ਸਵੇਰੇ 7.40 ਦੀ ਬਜਾਏ 11.15 ਵਜੇ, ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਫਲਾਈਟ 453 ਸਵੇਰੇ 6.15 ਦੀ ਬਜਾਏ 9.15 ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਇਸੇ ਤਰ੍ਹਾਂ ਕਤਰ ਏਅਰਵੇਜ਼ ਦੀ ਫਲਾਈਟ ਨੰਬਰ 548 ਜਿਹੜੀ ਦੁਪਹਿਰ ਬੀਤੇ ਕੱਲ੍ਹ 2.40 ’ਤੇ ਪੁੱਜਣੀ ਸੀ ਸਵੇਰੇ 9.30 ’ਤੇ ਪਹੁੰਚੀ। ਪੂਣੇ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੰਬਰ 721 ਖ਼ਰਾਬ ਮੌਸਮ ਕਾਰਨ ਪੂਣੇ ਤੋਂ ਰਵਾਨਾ ਹੀ ਨਹੀਂ ਹੋਈ। ਏਅਰ ਇੰਡੀਆ ਦੀ ਫਲਾਈਟ ਨੰਬਰ 461 ਦਿੱਲੀ ਅੰਮ੍ਰਿਤਸਰ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੁੰਦੀ ਹੈ, ਇਹ ਅਜੇ ਤੱਕ ਦਿੱਲੀ ਤੋਂ ਨਹੀਂ ਚਲਾਈ ਗਈ।
コメント