31/12/2023
ਸੋਮਵਾਰ ਨੂੰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰੂ ਨਗਰੀ ਵਿਚ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਤੇ ਯਾਤਰੀ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਨਵੇਂ ਸਾਲ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸਰੋਵਰ ਵਿਚ ਇਸ਼ਨਾਨ ਕਰਨਗੀਆਂ। ਸੰਘਣੀ ਧੁੰਦ ਦੇ ਬਾਵਜੂਦ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਫਤਹਿਗੜ੍ਹ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੀਆਂ ਹਨ। ਸ਼ਨਿਚਰਵਾਰ ਤੋਂ ਹੀ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਹੋਣ ਕਾਰਨ ਸੰਗਤਾਂ ਤੇ ਯਾਤਰੀ ਨਵੇਂ ਸਾਲ ਦੇ ਆਮਦ ਮੌਕੇ ਤਿੰਨ ਦਿਨਾਂ 30, 31 ਦਸੰਬਰ ਅਤੇ 1 ਜਨਵਰੀ ਲਈ ਸਰਾਵਾਂ ਤੇ ਹੋਟਲਾਂ ਵਿਚ ਰੁਕ ਗਏ ਹਨ। ਇਨ੍ਹਾਂ ਤਿੰਨ ਦਿਨਾਂ ਵਿਚ 4 ਲੱਖ ਤੋਂ ਵੱਧ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੀ ਸੰਭਾਵਨਾ ਹੈ। ਇਸ ਮੌਕੇ ਕਈ ਪਾਰਟੀਆਂ ਦੇ ਸਿਆਸੀ ਆਗੂ ਵੀ ਪਹੁੰਚਦੇ ਹਨ। ਪਿਛਲੇ ਕਈ ਸਾਲਾਂ ਤੋਂ ਹਰ ਸਾਲ ਨਵੇਂ ਵਰ੍ਹੇ ਮੌਕੇ ਪਹਿਲੀ ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਆਪਣੇ ਰਿਸ਼ਤੇਦਾਰਾਂ ਨਾਲ ਇੱਥੇ ਮੱਥਾ ਟੇਕਣ ਲਈ ਆਉਂਦੇ ਰਹੇ ਹਨ ਅਤੇ ਇਸ ਵਾਰ ਵੀ ਬਾਦਲ ਪਰਿਵਾਰ ਦੇ ਆਉਂਣ ਦੀ ਉਮੀਦ ਹੈ। ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਇਥੇ ਪੁੱਜ ਰਹੀਆਂ ਹਨ। 500 ਦੇ ਕਰੀਬ ਹੋਟਲ ਅਤੇ ਰੈਸਟ ਹਾਊਸ ਬੁੱਕ ਹੋ ਚੁੱਕੇ ਹਨ। ਸੁਰਿੰਦਰ ਸਿੰਘ ਨੇ ਪੁਲਿਸ-ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਪੁੱਜਣ ਕਾਰਨ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ। ਤਾਂ ਜੋ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Opmerkingen