17/01/2024
ਪੰਜਾਬ ਅੰਦਰ ਬੇਅਦਬੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਫਗਵਾੜਾ 'ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਬੀਤੀ ਰਾਤ 2 ਵਜੇ ਸ੍ਰੀ ਰਾਮ ਮੰਦਿਰ ਰਿਸ਼ੀ ਕੁਟੀਆ ਗੁਰਾਇਆ ਵਿਖੇ ਚੋਰਾਂ ਵੱਲੋਂ ਮੰਦਿਰ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ ਕਰਨ ਤੇ ਮੰਦਰ 'ਚ ਬੇਅਦਬੀ ਕੀਤੇ ਜਾਣ ਦੀ ਸੂਚਨਾ ਹੈ। ਇਸ ਸਬੰਧੀ ਮੰਦਿਰ ਦੇ ਸੇਵਕ ਪਵਨ ਸ਼ਰਮਾ 'ਤੇ ਜਸਲੀਨ ਕੌਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ 3.30 ਮੰਦਿਰ ਦੇ ਪੁਜਾਰੀ ਨੇ ਜਦ ਮੰਦਿਰ ਦੇ ਕਿਵਾੜ ਖੋਲ੍ਹੇ ਤਾਂ ਦੇਖਿਆ ਕਿ ਸਾਰੇ ਗੱਲੇ ਗਾਇਬ ਸਨ ਤੇ ਸ਼ਟਰ ਟੁੱਟੇ ਹੋਏ ਸਨ। ਤੁਰੰਤ ਇਸ ਦੀ ਸੂਚਨਾ ਗੁਰਾਇਆ ਪੁਲਿਸ ਨੂੰ ਦੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਚੋਰ ਮੰਦਿਰ ਦੇ ਪਿਛਲੇ ਪਾਸੇ ਲੱਗੀ ਹੋਈ ਜਾਲੀ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਦਰ ਪਈਆਂ 5 ਗੋਲਕਾਂ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਚੋਰ ਉਕਤ ਗੋਲਕਾਂ ਨੂੰ ਮੰਦਿਰ ਦੇ ਪਿੱਛਲੇ ਪਾਸੇ ਰੇਲਵੇ ਲਾਈਨਾਂ ਕੋਲ ਸੁੱਟ ਗਏ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਕੈਮਰਿਆਂ 'ਚ ਚੋਰ ਹਨੂਮਾਨ ਜੀ ਦੀ ਮੂਰਤੀ, ਰਾਮ ਭਗਵਾਨ ਜੀ ਦੀ ਮੂਰਤੀ ਤੇ ਦੁਰਗਾ ਮਾਤਾ ਦੀ ਮੂਰਤੀ ਦੀ ਬੇਅਦਬੀ ਕਰਦੇ ਨਜ਼ਰ ਆ ਰਹੇ ਹਨ।
ਇਸ ਸਬੰਧੀ ਥਾਣਾ ਮੁਖੀ ਸੁਖਵਿੰਦਰ ਨੇ ਦੱਸਿਆ ਕਿ ਗੁਰਾਇਆ ਦੇ ਸ਼੍ਰੀ ਰਾਮ ਮੰਦਿਰ ਰਿਸ਼ੀ ਕੁਟੀਆ ਵਿਖੇ ਚੋਰੀ 'ਤੇ ਬੇਅਦਬੀ ਹੋ ਜਾਣ ਦੀ ਸੂਚਨਾ ਮਿਲੀ ਸੀ। ਗੁਰਾਇਆ ਪੁਲਸ ਵੱਲੋਂ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਬੁਲਾ ਕੇ ਫਿੰਗਰ ਪ੍ਰਿੰਟ ਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਕਤ ਘਟਨਾ ਦੀ ਗੁਰਾਇਆ ਦੀਆਂ ਸਮੂਹ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਨਿੰਦਾ ਕੀਤੀ ਗਈ। ਇਸ ਮੋਕੇ ਅਸ਼ੋਕ ਮਲਹੋਤਰਾ, ਰਜਿੰਦਰ ਪ੍ਰਸ਼ਾਦ ਗੋਇਲ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਰਵੀ ਗਿੱਲ, ਨਵੀਨ ਪੁੰਨ, ਰਾਮ ਲੁਭਾਇਆ ਪੁੰਜ, ਵਿਸ਼ਲ ਟੱਕਰ , ਸ਼ੰਮੀ ਭਲਵਾਨ, ਜਸਵੀਰ ਸਿੰਘ ਰਾਜੂ, ਜਸਵਿੰਦਰ ਸਿੰਘ ਚਿੰਤਾ ਸ਼ਿੰਦਾ ਕਾਲੀਆਂ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।
Comments