19/12/2023
ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਨੇ ਸ਼ਰਾਬ ਦੀ ਲੋਰ 'ਚ 100 ਫੁੱਟ ਉੱਚੀ ਟੈਂਕੀ 'ਤੇ ਚੜ੍ਹ ਕੇ ਲੋਕਾਂ ਅਤੇ ਪੁਲਿਸ ਨੂੰ ਵਖ਼ਤ ਪਾਈ ਰੱਖਿਆ।
ਸ਼ਰਾਬੀ ਬਜ਼ੁਰਗ ਟੈਂਕੀ ਦੇ ਸਿਖ਼ਰਲੇ ਹਿੱਸੇ 'ਤੇ ਚੜ੍ਹ ਕੇ ਚਾਰ ਘੰਟੇ ਬੈਠਾ ਰਿਹਾ। ਇੱਥੇ ਹੀ ਬੱਸ ਨਹੀਂ, ਬਜ਼ੁਰਗ ਨੇ ਸ਼ਰਾਬ ਦੀ ਲੋਰ 'ਚ ਪਾਣੀ ਦੀ ਟੈਂਕੀ ਦੇ ਸਿਖ਼ਰਲੇ ਹਿੱਸੇ 'ਤੇ ਚੜ੍ਹਨ ਲਈ ਲਗਾਈ ਲੋਹੇ ਦੀ ਪੌੜੀ ਵੀ ਹੇਠਾਂ ਸੁੱਟ ਦਿੱਤੀ, ਜਿਸ ਨਾਲ ਉਸਨੂੰ ਉਤਾਰਨ 'ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ ਪਰ ਸੋਮਵਾਰ ਨੂੰ ਕਰੀਬ 3 ਵਜੇ ਟੈਂਕੀ ਦੇ ਸਿਖਰਲੇ ਹਿੱਸੇ 'ਤੇ ਚੜ੍ਹੇ ਬਜ਼ੁਰਗ ਸ਼ਰਾਬੀ ਮਦਨ ਲਾਲ ਪੁੱਤਰ ਗਿਆਨ ਚੰਦ ਵਾਸੀ ਬਟਾਲਾ ਹਾਲ ਵਾਸੀ ਨੌਸ਼ਿਹਰਾ ਮੱਝਾ ਸਿੰਘ ਵੱਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਗ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ 4 ਘੰਟੇ ਤਕ ਤਮਾਸ਼ਾ ਲਗਾਈ ਰੱਖਿਆ।
ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾਂ ਉਤਾਰਨ ਦੇ ਤਰਲੇ ਕੱਢਣ ਲੱਗਾ। ਮੌਕੇ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਪਿੰਡ ਵਾਸੀ ਅਤੇ ਆਸ-ਪਾਸ ਦੇ ਲੋਕਾਂ ਨੇ ਕੰਟਰੋਲ ਰੂਮ 'ਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਮਦਦ ਨਾਲ ਸ਼ਰਾਬੀ ਮਦਨ ਲਾਲ ਨੂੰ ਹੇਠਾਂ ਉਤਾਰਿਆ।
ਚੌਕੀ ਇੰਚਾਰਜ ਨਿਰਮੇਸ਼ ਲਾਲ ਨੇ ਦੱਸਿਆ ਕਿ ਸ਼ਰਾਬੀ ਵੱਲੋਂ ਲੋਹੇ ਦੀ ਪੌੜੀ ਹੇਠਾਂ ਸੁੱਟ ਦਿੱਤੇ ਜਾਣ ਤੋਂ ਬਾਅਦ ਉਸਨੂੰ ਉਤਾਰਨਾ ਵੱਡੀ ਮੁਸ਼ਕਲ ਬਣ ਗਿਆ ਪਰ ਨਜ਼ਦੀਕ ਹੀ ਬਣ ਰਹੀ ਨਵੀਂ ਟੈਂਕੀ ਦੇ ਮਿਸਤਰੀਆਂ ਨੇ ਜੁਗਤ ਨਾਲ ਉਸ ਨੂੰ ਹੇਠਾਂ ਉਤਾਰਿਆ ਅਤੇ ਸਾਰਿਆਂ ਨੇ ਸੁਖ ਦਾ ਸਾਹ ਲਿਆ।
ਉਹਨਾਂ ਦੱਸਿਆ ਕਿ ਬਜ਼ੁਰਗ ਪਿਛਲੇ 10 -12 ਦਿਨ ਤੋਂ ਲਗਾਤਾਰ ਸ਼ਰਾਬ ਪੀਂਦਾ ਆ ਰਿਹਾ ਸੀ ਜਿਸ ਨਾਲ ਉਸ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਸੀ। ਟੈਂਕੀ ਤੋਂ ਹੇਠਾਂ ਉਤਰਨ ਤੋਂ ਬਾਅਦ ਬਜ਼ੁਰਗ ਨੇ ਪੁਲਿਸ ਅਤੇ ਲੋਕਾਂ ਤੋਂ ਮਾਫ਼ੀ ਮੰਗਦੇ ਕਿਹਾ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਿਵੇਂ ਟੈਂਕੀ ਦੇ ਉਪਰਲੇ ਹਿੱਸੇ 'ਤੇ ਚੜ੍ਹ ਗਿਆ। ਉਸ ਨੇ ਕਿਹਾ ਕਿ ਉਹ ਖਾਧੀ-ਪੀਤੀ 'ਚ ਹੀ ਟੈਂਕੀ 'ਤੇ ਚੜ੍ਹ ਗਿਆ। ਸ਼ਰਾਬੀ ਦੇ ਟੈਂਕੀ ਤੇ ਚੜ੍ਹਨ ਨਾਲ ਜਿੱਥੇ ਪੁਲਿਸ ਅਤੇ ਲੋਕਾਂ ਨੂੰ ਵਖਤ ਪਿਆ ਰਿਹਾ ਉੱਥੇ ਸ਼ਰਾਬੀ ਦੀ ਇਸ ਕਾਰਵਾਈ ਦੀ ਲੋਕਾਂ 'ਚ ਖੂਬ ਚਰਚਾ ਹੋ ਰਹੀ ਹੈ।
Comments