05/02/2024
ਸੀਬੀਆਈ ਨੇ ਸ਼੍ਰੀਦੇਵੀ ਮੌਤ ਮਾਮਲੇ 'ਚ ਆਪੂੰ ਬਣੇ ਜਾਂਚਕਰਤਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਆਪੂੰ ਬਣੀ ਜਾਂਚਕਰਤਾ ਦੀਪਤੀ ਪਿੰਨੀ ਨੇ ਯੂਟਿਊਬ 'ਤੇ ਇੱਕ ਵੀਡੀਓ ਵਿੱਚ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਬਾਰੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਹਸਤੀਆਂ ਦੇ ਫ਼ਰਜ਼ੀ ਪੱਤਰ ਪੇਸ਼ ਕੀਤੇ।
ਦਸਤਾਵੇਜ਼ ਜਾਅਲੀ ਸਨ
ਵਿਸ਼ੇਸ਼ ਅਦਾਲਤ ਨੂੰ ਸੌਂਪੀ ਗਈ ਸੀਬੀਆਈ ਦੀ ਰਿਪੋਰਟ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਯੂ-ਟਿਊਬ ’ਤੇ ਚਰਚਾ ਦੌਰਾਨ ਪੇਸ਼ ਕੀਤੇ ਗਏ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਸਬੰਧਤ ਦਸਤਾਵੇਜ਼ ਜਾਅਲੀ ਸਨ। ਸੀਬੀਆਈ ਨੇ ਪਿੰਨੀ ਅਤੇ ਕਾਮਥ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿੱਚ 120-ਬੀ (ਅਪਰਾਧਿਕ ਸਾਜ਼ਿਸ਼), 465, 469 ਅਤੇ 471 ਸ਼ਾਮਲ ਹਨ।
ਕੀ ਕਿਹਾ ਅਧਿਕਾਰੀਆਂ ਨੇ?
ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਸਾਲ ਸੀਬੀਆਈ ਨੇ ਮੁੰਬਈ ਦੀ ਵਕੀਲ ਚਾਂਦਨੀ ਸ਼ਾਹ ਦੀ ਸ਼ਿਕਾਇਤ ਤੋਂ ਬਾਅਦ ਭੁਵਨੇਸ਼ਵਰ ਦੀ ਦੀਪਤੀ ਆਰ ਪਿੰਨੀ ਅਤੇ ਉਸ ਦੇ ਵਕੀਲ ਭਰਤ ਸੁਰੇਸ਼ ਕਾਮਥ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਚਾਂਦਨੀ ਨੇ ਦੋਸ਼ ਲਾਇਆ ਕਿ ਪਿੰਨੀ ਨੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਪੱਤਰ, ਸੁਪਰੀਮ ਕੋਰਟ ਨਾਲ ਸਬੰਧਤ ਦਸਤਾਵੇਜ਼ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਦੇ ਰਿਕਾਰਡ ਸਮੇਤ ਕਈ ਦਸਤਾਵੇਜ਼ ਪੇਸ਼ ਕੀਤੇ, ਜੋ ਜਾਅਲੀ ਜਾਪਦੇ ਸਨ।
ਫਰਵਰੀ 2018 'ਚ ਸ਼੍ਰੀਦੇਵੀ ਦੀ ਦੁਬਈ ਵਿੱਚ ਹੋਈ ਸੀ ਮੌਤ
ਸ਼੍ਰੀਦੇਵੀ ਦੀ ਮੌਤ ਫਰਵਰੀ 2018 ਵਿੱਚ ਦੁਬਈ, ਯੂਏਈ ਵਿੱਚ ਹੋਈ ਸੀ। ਪਿੰਨੀ ਨੇ ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਇਕ ਇੰਟਰਵਿਊ ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਸੀ। ਪਿੰਨੀ ਵਿਰੁੱਧ ਪਿਛਲੇ ਸਾਲ ਐਫਆਈਆਰ ਦਰਜ ਕਰਨ ਤੋਂ ਬਾਅਦ, ਸੀਬੀਆਈ ਨੇ 2 ਦਸੰਬਰ ਨੂੰ ਭੁਵਨੇਸ਼ਵਰ ਵਿੱਚ ਉਸ ਦੇ ਘਰ ਦੀ ਤਲਾਸ਼ੀ ਲਈ ਸੀ, ਜਿਸ ਵਿੱਚ ਫੋਨ ਅਤੇ ਲੈਪਟਾਪਾਂ ਸਮੇਤ ਡਿਜੀਟਲ ਉਪਕਰਣ ਜ਼ਬਤ ਕੀਤੇ ਗਏ ਸਨ।
ਸੀਬੀਆਈ ਵੱਲੋਂ ਚਾਰਜਸ਼ੀਟ ਦਾਇਰ ਕੀਤੇ ਜਾਣ ਬਾਰੇ ਪਿੰਨੀ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਸੀਬੀਆਈ ਨੇ ਮੇਰੇ ਬਿਆਨ ਦਰਜ ਕੀਤੇ ਬਿਨਾਂ ਹੀ ਮੇਰੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।
Comentarios