01/02/2024
ਭਾਰਤ ਨਗਰ ਚੌਂਕ ਦੇ ਕੋਲ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਰਿਕਸ਼ਾ ਚਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮਾਂ ਨੇ ਉਸਦੇ ਸਿਰ ਅਤੇ ਚਿਹਰੇ ਤੇ ਪੱਥਰ ਨਾਲ ਵਾਰ ਕੀਤੇl ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾਇਆ l ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕਬਜ਼ੇ ਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਦੇ ਜਰੀਏ ਉਸਦੀ ਸ਼ਨਾਖਤ ਹੋ ਸਕੇl ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 ਕੁ ਸਾਲ ਜਾਪਦੀ ਹੈ l ਪੁਲਿਸ ਨੇ ਲਾਸ਼ ਦੇ ਕੋਲੋਂ ਹੀ ਪਈ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਰਿਕਸ਼ਾ ਚਾਲਕ ਲੰਮੇ ਸਮੇਂ ਤੋਂ ਬੱਸ ਸਟੈਂਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਿਕਸ਼ਾ ਚਲਾਉਂਦਾ ਸੀ l ਰਾਤ ਵੇਲੇ ਉਹ ਬੱਸ ਸਟੈਂਡ ਤੋਂ ਭਾਰਤ ਨਗਰ ਚੌਂਕ ਵੱਲ ਪੈਂਦੀਆਂ ਲੱਕੜ ਵਾਲੀਆਂ ਦੁਕਾਨਾਂ ਦੇ ਸਾਹਮਣੇ ਸੌ ਜਾਂਦਾ ਸੀ l ਵੀਰਵਾਰ ਸਵੇਰੇ ਇੱਕ ਟਿੰਬਰ ਸਟੋਰ ਦਾ ਮਾਲਕ ਆਇਆ ਤਾਂ ਉਸਨੇ ਦੇਖਿਆ ਕਿ ਖੂਨ ਨਾਲ ਲੱਥ ਪੱਥ ਰਿਕਸ਼ਾ ਚਾਲਕ ਦੀ ਲਾਸ਼ ਉਸ ਦੀ ਦੁਕਾਨ ਦੇ ਬਾਹਰ ਪਈ ਹੋਈ ਸੀ l ਉਸਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀl ਮੌਕੇ ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਦੇਖਿਆ ਕਿ ਲਾਸ਼ ਦੇ ਕੋਲ ਇੱਕ ਪੱਥਰ ਅਤੇ ਸ਼ਰਾਬ ਦੀ ਬੋਤਲ ਵੀ ਪਈ ਹੋਈ ਸੀ l ਤਫਤੀਸ਼ੀ ਅਫਸਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਤੋਂ ਇੰਜ ਜਾਪ ਰਿਹਾ ਹੈ ਕਿ ਰਾਤ ਵੇਲੇ ਸ਼ਰਾਬੀ ਹਾਲਤ ਵਿੱਚ ਉਸਦੀ ਕਿਸੇ ਨਾਲ ਲੜਾਈ ਹੋਈ ਹੋਵੇਗੀ l ਪੁਲਿਸ ਮਾਮਲੇ ਦੀ ਪੜਤਾਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟ ਗਈ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
Comments