18/12/2023
ਫੁੱਟਬਾਲ ਚੌਕ ਤੋਂ ਥੋੜ੍ਹਾ ਅੱਗੇ ਸਾਬਕਾ ਸਾਂਸਦ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਨੇੜੇ ਦੋ ਈ-ਰਿਕਸ਼ਾ 'ਤੇ ਜਾ ਰਹੇ ਬਸਤੀ ਬਾਵਾ ਖੇਲ 'ਚ ਅਟੈਚੀ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਅਤੇ ਉਸ ਦੇ ਸਾਥੀਆਂ ਤੋਂ ਐਕਟਿਵਾ ਸਵਾਰ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ 'ਤੋਂ ਫਰਾਰ ਹੋ ਗਏ। ਘਟਨਾ ਐਤਵਾਰ ਸਵੇਰੇ ਪੰਜ ਵਜੇ ਦੀ ਹੈ। ਸ਼ਿਵਨਗਰ ਦੇ ਭਾਜਪਾ ਨੇਤਾ ਨੌਸ਼ਾਦ ਨੇ ਸਾਰੇ ਪੀੜਤਾਂ ਨੂੰ ਨਾਲ ਲਿਜਾ ਕੇ ਥਾਣਾ ਡਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਿੱਤੀ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂਕਿ ਦੋਸ਼ੀਆਂ ਦਾ ਕੋਈ ਸੁਰਾਗ ਪਤਾ ਲੱਗ ਸਕੇ।
ਪੀੜਤ ਨੇ ਇਹ ਦੱਸਿਆ
ਮੋਬਿਨ ਨਿਵਾਸੀ ਸ਼ਿਵ ਨਗਰ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਵਿੱਚ ਉਸ ਦੀ ਬੈਗ ਬਣਾਉਣ ਦੀ ਫੈਕਟਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਦਿੱਲੀ ਤੋਂ ਸਵੇਰੇ ਵਾਲੀ ਟਰੇਨ 'ਚ ਆਇਆ ਸੀ। ਉਹ ਆਪਣੇ ਸਾਥੀਆਂ ਸਜਰੇਆਲਮ, ਮੁਹੰਮਦ ਤਾਇਬ, ਮੁਹੰਮਦ ਸੂਫੀਅਨ, ਰਾਜ, ਤਨਵੀਰ ਆਲਮ, ਸਰਫ਼ੇ ਨਾਲ ਰੇਲਵੇ ਸਟੇਸ਼ਨ ਤੋਂ ਉਸ ਨੂੰ ਲੈਣ ਲਈ ਜਾ ਰਿਹਾ ਸੀ।
ਉਹ ਸਾਰੇ ਦੋ ਈ-ਰਿਕਸ਼ਾ ਵਿੱਚ ਸਵਾਰ ਸਨ। ਜਿਉਂ ਹੀ ਉਹ ਫੁੱਟਬਾਲ ਚੌਕ ਤੋਂ ਥੋੜ੍ਹਾ ਅੱਗੇ ਪਹੁੰਚੇ, ਉੱਥੇ ਐਕਟਿਵਾ ਸਵਾਰ ਤਿੰਨ ਲੁਟੇਰੇ, ਜਿਨ੍ਹਾਂ 'ਚੋਂ ਦੋ ਦਾ ਮੂੰਹ ਢਕਿਆ ਹੋਇਆ ਸੀ, ਉਨ੍ਹਾਂ ਦੀ ਈ-ਰਿਕਸ਼ਾ ਰੋਕੀ। ਦੋ ਨੌਜਵਾਨਾਂ ਨੇ ਪਿਸਤੌਲ ਕੱਢ ਲਏ ਅਤੇ ਸਭ ਕੁੱਝ ਕੱਢਣ ਲਈ ਕਿਹਾ।
50 ਹਜ਼ਾਰ ਰੁਪਏ ਅਤੇ 6 ਮੋਬਾਈਲ ਫੋਨ ਲੁੱਟੇ
ਮੋਬਿਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕਰੀਬ 24 ਹਜ਼ਾਰ ਰੁਪਏ ਸਨ, ਜੋ ਲੁਟੇਰੇ ਲੈ ਗਏ। ਬਾਕੀ ਲੋਕਾਂ ਤੋਂ ਵੀ ਨਕਦੀ ਖੋਹ ਲਈ। ਇਸ ਤੋਂ ਇਲਾਵਾ ਛੇ ਲੋਕਾਂ ਦੇ ਮੋਬਾਈਲ ਫੋਨ ਲੈ ਗਏ।
ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ 6 ਮੋਬਾਈਲ ਲੁਟੇਰੇ ਲੈ ਗਏ। ਭਾਜਪਾ ਨੇਤਾ ਨੌਸ਼ਾਦ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਪਰਸ ਖਾਲੀ ਕਰ ਕੇ ਉੱਥੇ ਹੀ ਸੁੱਟ ਗਏ, ਇਕ ਪਰਸ 'ਚ ਰਹਿ ਗਏ ਸਨ ਦਸ ਰੁਪਏ
ਲੁਟੇਰੇ ਸਾਰਿਆਂ ਦੀ ਜੇਬ 'ਚੋਂ ਪੈਸੇ ਅਤੇ ਉਨ੍ਹਾਂ ਦੇ ਮੋਬਾਈਲ ਖੋਹ ਕੇ ਲੈ ਗਏ। ਪੀੜਤਾਂ ਦੇ ਪਰਸ ਲੁਟੇਰਿਆਂ ਨੇ ਉੱਥੇ ਸੁੱਟ ਦਿੱਤੇ। ਭਾਜਪਾ ਨੇਤਾ ਨੌਸ਼ਾਦ ਜਦੋਂ ਸਾਰਿਆਂ ਨੂੰ ਅਤੇ ਪੁਲਿਸ ਨੂੰ ਲੈ ਕੇ ਦੁਬਾਰਾ ਮੌਕੇ 'ਤੇ ਗਿਆ ਤਾਂ ਉੱਥੇ ਪਰਸ ਪਏ ਹੋਏ ਸਨ। ਇਕ ਪਰਸ ਵਿੱਚ 10 ਰੁਪਏ ਸਨ। ਬਾਕੀ ਸਾਰੇ ਖਾਲੀ ਕਰ ਗਏ ਸਨ। ਹਾਲਾਂਕਿ ਪਰਸ ਵਿੱਚ ਪੀੜਤਾਂ ਦੇ ਆਧਾਰ ਕਾਰਡ ਆਦਿ ਪਏ ਹੋਏ ਸਨ।
Comments