1 ਨਵੰਬਰ
ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਮੁੱਦਿਆਂ 'ਤੇ ਅੱਜ ਸੀਐਮ ਭਗਵੰਤ ਮਾਨ ਨੇ ਖੁੱਲ੍ਹੀ ਬਹਿਸ ਸੱਦੀ ਹੈ। ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰਅਮ ਵਿੱਚ ਇਹ ਡਿਬੇਟ ਹੋਣ ਵਾਲੀ ਹੈ। ਪਰ ਉਸ ਤੋਂ ਪਹਿਲਾਂ ਖ਼ਬਰ ਆ ਰਹੀ ਹੈ ਕਿ ਕਈ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ ਅਤੇ ਕਈਆਂ ਦੀ ਐਂਟਰੀ ਬੈਨ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਹੈ। ਇੱਕ ਹਿੰਦੀ ਅਖ਼ਬਾਰ ਨੂੰ ਦਿੱਤੇ ਫੋਨ ਇੰਟਰਵਿਊ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਡਿਬੇਟ ਵਿੱਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਪਹੁੰਚਿਆ ਸੀ ਪਰ ਮੈਨੂੰ ਲੁਧਿਆਣਾ ਵਿੱਚ ਐਂਟਰੀ ਨਹੀਂ ਦਿੱਤੀ ਗਈ। ਮੇਰੇ ਕਾਫਿਲੇ ਨੂੰ ਰਸਤੇ 'ਚੋਂ ਹੀ ਵਾਪਸ ਮੋੜ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਹੀ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਮਸਲਿਆਂ 'ਤੇ ਗੱਲਬਾਤ ਕਰਨ ਦੇ ਲਈ ਖੁੱਲ੍ਹੀ ਬਹਿਸ ਵਿੱਚ ਜਾਣ ਲਈ ਤਿਆਰ ਹਨ। ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਰਸਤੇ 'ਚੋਂ ਹੀ ਵਾਪਸ ਮੋੜ ਦਿੱਤਾ ਗਿਆ ਹੈ।
ਵੈਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹਿਸ ਲਈ ਚਾਰ ਸ਼ਰਤਾਂ ਰੱਖੀਆਂ ਹਨ। ਪਹਿਲਾ - SYL ਮੁੱਦੇ 'ਤੇ ਬਹਿਸ, ਦੂਸਰਾ - ਇਕ ਮਹੀਨੇ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ, ਤੀਸਰਾ - ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦਾ ਵਾਅਦਾ ਅਤੇ ਚੌਥਾ - ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਦਿਵਾਉਣ ਦਾ ਵਾਅਦਾ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਇਹਨਾਂ 'ਤੇ ਜਵਾਬ ਦੇਵੇਗੀ ਤਾਂ ਅਸੀਂ ਡਿਬੇਟ ਵਿੱਚ ਸ਼ਾਮਲ ਹੋਵਾਂਗੇ। ਹਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਸਾਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ।
Comments