29/05/2024
ਪੰਜਾਬ ,ਲੁਧਿਆਣਾ ’ਚ ਮੰਗਲਵਾਰ ਨੂੰ ਤਾਪਮਾਨ ’ਚ ਜ਼ਬਰਦਸਤ ਉਛਾਲ ਦੇਖਿਆ ਗਿਆ। ਇੱਥੇ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪੁੱਜ ਗਿਆ। ਬਠਿੰਡਾ ਇਕ ਵਾਰ ਫਿਰ ਸਭ ਤੋਂ ਗਰਮ ਰਿਹਾ। ਇੱਥੇ ਸੀਜ਼ਨ ’ਚ ਪਹਿਲੀ ਵਾਰ 49.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 8.5 ਡਿਗਰੀ ਸੈਲਸੀਅਸ ਵੱਧ ਰਿਹਾ। ਸੋਮਵਾਰ ਨੂੰ ਇੱਥੇ ਤਾਪਮਾਨ 48.4 ਡਿਗਰੀ ਸੈਲਸੀਅਸ ਰਿਹਾ ਸੀ।
ਇਸ ਦੇ ਨਾਲ ਹੀ ਮੰਗਲਵਾਰ ਨੂੰ ਹੋਰ ਸੂਬੇ ਵੀ ਗਰਮੀ ਨਾਲ ਝੂਲਸਦੇ ਰਹੇ। ਪਠਾਨਕੋਟ ਦੂਜੇ ਨੰਬਰ ’ਤੇ ਰਿਹਾ। ਇੱਥੇ 47.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਆਮ ਨਾਲੋਂ ਸੱਤ ਡਿਗਰੀ ਵੱਧ ਸੀ। ਸੋਮਵਾਰ ਨੂੰ ਇੱਥੇ 47.1 ਡਿਗਰੀ ਤਾਪਮਾਨ ਸੀ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 29 ਮਈ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅੱਤ ਲੂ ਚੱਲ ਸਕਦੀ ਹੈ। ਇਸ ਨਾਲ ਤੇਜ਼ ਗਰਮੀ ਮਹਿਸੂਸ ਹੋਵੇਗੀ।
ਚੱਲ ਰਹੇ ਹਨ ‘ਨੌਂ ਤਪੇ’ ਦੇ ਦਿਨ
ਭਾਰਤੀ ਮਾਨਤਾਵਾਂ ਮੁਤਾਬਕ ਮੰਗਲਵਾਰ ਨੂੰ ਨੌਂ ਤਪੇ ਦਾ ਚੌਥਾ ਦਿਨ ਸੀ। ਯਾਨੀ ਸਾਲ ਦੇ ਉਹ ਨੌਂ ਦਿਨ ਜਿਨ੍ਹਾਂ ’ਚ ਸਭ ਤੋਂ ਵੱਧ ਗਰਮੀ ਪੈਂਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਨੌਂ ਦਿਨ 25 ਮਈ ਤੋਂ ਦੋ ਜੂਨ ਤੱਕ ਹੁੰਦੇ ਹਨ। ਜੋਤਿਸ਼ ਦੇ ਹਿਸਾਬ ਨਾਲ ਇਨ੍ਹਾਂ ਦਿਨਾਂ ’ਚ ਸੂਰਜ ਰੋਹਿਨੀ ਨਛੱਤਰ ’ਚ ਹੁੰਦਾ ਹੈ। ਨੌਂ ਦਿਨ ਸੂਰਜ ਇਸੇ ਨੱਛਤਰ ’ਚ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਪੈਂਦੀ ਹੈ। ਖਗੋਲ ਤੇ ਮੌਸਮ ਵਿਗਿਆਨ ਬੇਸ਼ੱਕ ਇਸ ਰਵਾਇਤੀ ਗਿਆਨ ਨੂੰ ਮਾਨਤਾ ਨਹੀਂ ਦਿੰਦਾ ਪਰ ਉਹ ਇਹ ਗੱਲ ਮੰਨਦਾ ਹੈ ਕਿ ਇਨ੍ਹਾਂ ਦਿਨਾਂ ’ਚ ਭਾਰਤ ਦੀ ਸਥਿਤੀ ਸੂਰਜ ਦੇ ਬਿਲਕੁਲ ਸਾਹਮਣੇ ਹੁੰਦੀ ਹੈ। ਇਸ ਲਈ ਜ਼ਿਆਦਾ ਗਰਮੀ ਪੈਂਦੀ ਹੈ।
Comments