20/12/2023
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੁੰਦਾ ਹੈ ਤਾਂ 2024 ਦਾ ਤਾਂ ਪਤਾ ਨਹੀਂ ਪਰ 2027 ’ਚ ਕਾਂਗਰਸ ਲੜਾਈ ਵਿਚ ਨਹੀਂ ਰਹੇਗੀ ਕਿਉਂਕਿ ਪੱਛਮੀ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਦਾ ਇਹੀ ਇਤਿਹਾਸ ਰਿਹਾ ਹੈ। ਉਥੇ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਉੱਠ ਰਹੀ ਆਵਾਜ਼ ਨੂੰ ਲੈ ਕੇ ਉਨ੍ਹਾਂ ਕਿਹਾ, ਗੱਠਜੋੜ ਦਾ ਫ਼ੈਸਲਾ ਤਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਤਿੰਨ ਰਾਜਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਅਤੇ ‘ਆਪ’ ’ਚ ਗੱਠਜੋੜ ਦੀਆਂ ਸੰਭਾਵਨਾਵਾਂ ਲਗਾਤਾਰ ਬਣ ਰਹੀਆਂ ਹਨ। ਅੱਜ ‘ਇੰਡੀਆ’ ਦੀ ਮੀਟਿੰਗ ਵੀ ਹੋ ਰਹੀ ਹੈ। ਨਿਸ਼ਚਿਤ ਰੂਪ ਵਿਚ ਦੋਵਾਂ ਪਾਰਟੀਆਂ ਦਾ ਗੱਠਜੋੜ ਵੀ ਹੋ ਜਾਵੇਗਾ। ਇਸ ਗੱਠਜੋੜ ਦਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਿੰਨਾ ਅਸਰ ਪਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ 2027 ’ਚ ਕਾਂਗਰਸ ਚੋਣ ਮੈਦਾਨ ਵਿਚ ਨਹੀਂ ਰਹੇਗੀ ਕਿਉਂਕਿ ਕਾਂਗਰਸ ਨੇ ਪੱਛਮੀ ਬੰਗਾਲ ਵਿਚ ਲੈਫਟ ਪਾਰਟੀ ਨਾਲ ਸਮਝੌਤਾ ਕੀਤਾ, ਅੱਜ ਉਥੇ ਉਨ੍ਹਾਂ ਦਾ ਕੋਈ ਨਾਮ-ਲੇਵਾ ਨਹੀਂ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ। ਕਾਂਗਰਸ ਦਾ ਉਥੇ ਵੀ ਸਫਾਇਆ ਹੋ ਗਿਆ। ਦਿੱਲੀ ਵਿਚ ਕਾਂਗਰਸ ਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਵਾਈ, ਫਿਰ ਭਾਜਪਾ ਨੂੰ ਹਰਾਉਣ ਲਈ ‘ਆਪ’ ਦਾ ਸਾਥ ਦਿੱਤਾ। ਦਿੱਲੀ ਤੋਂ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਇਹੀ ਹਾਲ ਕਾਂਗਰਸ ਦਾ ਪੰਜਾਬ ਵਿਚ ਵੀ ਹੋਵੇਗਾ।
ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਤੋਂ ਮਾਫੀ ਮੰਗਣ ਦੇ ਮੁੱਦੇ ’ਤੇ ਪਹਿਲੀ ਵਾਰ ਬੋਲਦਿਆਂ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਪੰਥ ਉਨ੍ਹਾਂ ਦੇ ਨਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪੰਥ ਤੇ ਸਿਆਸੀ ਰੂਪ ’ਚ ਲਗਾਤਾਰ ਹਾਸ਼ੀਏ ’ਤੇ ਆ ਰਹੇ ਸਨ। ਅਜਿਹੇ ’ਚ ਆਪਣੀ ਸਿਆਸੀ ਹੋਂਦ ਵਿਚ ਬਚਾਈ ਰੱਖਣ ਲਈ ਇਹ ਜ਼ਰੂਰੀ ਸੀ ਕਿ ਉਹ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਕਿ ਪੰਥ ਉਨ੍ਹਾਂ ਦੇ ਨਾਲ ਹੈ। ਇਸੇ ਕਾਰਨ ਉਨ੍ਹਾਂ ਅਕਾਲ ਤਖਤ ’ਤੇ ਜਾ ਕੇ ਮਾਫੀ ਮੰਗੀ। ਹਾਲਾਂਕਿ ਇਹ ਸਵਾਲ ਅੱਜ ਵੀ ਖੜ੍ਹੇ ਹੋ ਰਹੇ ਹਨ ਕਿ ਆਖਰ ਉਨ੍ਹਾਂ ਕਿਨ੍ਹਾਂ ਗਲਤੀਆਂ ਦੇ ਲਈ ਮਾਫੀ ਮੰਗੀ ਹੈ।
ਭਾਜਪਾ ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਤਿੰਨ ਰਾਜਾਂ ਵਿਚ ਪਾਰਟੀ ਦੀ ਜਿੱਤ ਨਾਲ ਵਰਕਰਾਂ ਵਿਚ ਉਤਸ਼ਾਹ ਵਧਿਆ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯਾਤਰਾ ਪੰਜਾਬ ਦੇ ਪਿੰਡ-ਪਿੰਡ ਵਿਚ ਜਾ ਰਹੀ ਹੈ। ਲੋਕਾਂ ਵਿਚ ਵੀ ਇਸ ਨੂੰ ਲੈ ਕੇ ਉਤਸ਼ਾਹ ਹੈ। ਪਾਰਟੀ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਜਾ ਰਹੀ ਹੈ ਜਿਸ ਉਪਰੰਤ ਜ਼ਿਲ੍ਹਾ ਪੱਧਰ ’ਤੇ ਰੈਲੀਆਂ ਕੀਤੀਆਂ ਜਾਣਗੀਆਂ।
Commentaires