26/12/2023
ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਗੋਲ਼ੀਆਂ ਦੀ ਵਾਛੜ ਤੋਂ ਆਪਣੇ ਸਾਥੀ ਨੂੰ ਬਚਾ ਕੇ ਆਪਣੇ ਉੱਪਰ ਗੋਲ਼ੀਆਂ ਝੱਲਣ ਵਾਲੇ ਕਰਨਲ ਕਰਨਬੀਰ ਸਿੰਘ ਨਟ ਲਗਪਗ ਅੱਠ ਸਾਲ ਤਕ ਕੋਮਾ ’ਚ ਰਹਿਣ ਤੋਂ ਬਾਅਦ ਬੀਤੇ ਦਿਨ ਸ਼ਹੀਦ ਹੋ ਗਏ। ਕਰਨਲ ਕਰਨਬੀਰ ਸਿੰਘ ਨਟ ਦਾ ਇਲਾਜ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਨਵਪ੍ਰੀਤ ਕੌਰ ਤੇ ਧੀ ਅਸ਼ਮੀਤ ਤੇ ਗੁਨੀਤਾ ਹਨ।
ਮਿਲਟਰੀ ਹਸਪਤਾਲ ਜਲੰਧਰ ’ਚ ਇਲਾਜ ਦੌਰਾਨ ਉਨ੍ਹਾਂ ਨੂੰ ਫੂਡ ਪਾਈਨ ਰਾਹੀਂ ਸੂਪ ਤੇ ਜੂਸ ਦਿੱਤਾ ਜਾਂਦਾ ਸੀ। ਇਸ ਦੌਰਾਨ ਉਨ੍ਹਾਂ ਦੇ ਕਮਰੇ ’ਚ ਗੁਰਬਾਣੀ ਚਲਦੀ ਰਹਿੰਦੀ ਸੀ। ਕਰਨਲ ਕਰਨਬੀਰ ਸਿੰਘ ਨਟ ਜੰਮੂ ਤੇ ਕਸ਼ਮੀਰ ਰਾਈਫਲ ਦੀ 160 ਇਨਫੈਂਟਰੀ ਬਟਾਲੀਅਨ ’ਚ ਤਾਇਨਾਤ ਸਨ। 22 ਨਵੰਬਰ 2015 ਨੂੰ ਕੁਪਵਾੜਾ ਦੇ ਪਿੰਡ ਹਾਜੀ ਨਾਕਾ ਦੇ ਜੰਗਲੀ ਖੇਤਰ ’ਚ ਸਾਥੀ ਜਵਾਨਾਂ ਨਾਲ ਅੱਤਵਾਦੀਆਂ ਦੀ ਭਾਲ ’ਚ ਸਨ ਕਿ ਇਕਦਮ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਉਹ ਹਮਲਾਵਰ ਦੀ ਪੁਜ਼ੀਸ਼ਨ ਦੇ ਬੇਹੱਦ ਨਜ਼ਦੀਕ ਸਨ। ਆਪਣੇ ਸਾਥੀ ਦਾ ਜੀਵਨ ਖ਼ਤਰੇ ’ਚ ਦੇਖਦੇ ਹੋਏ ਉਨ੍ਹਾਂ ਉਸ ਨੂੰ ਬਚਾਉਣ ਲਈ ਧੱਕਾ ਦੇ ਦਿੱਤਾ। ਉਨ੍ਹਾਂ ਦਾ ਸਾਥੀ ਤਾਂ ਬਚ ਗਿਆ ਪਰ ਅੱਤਵਾਦੀ ਦੇ ਆਟੋਮੈਟਿਕ ਹਥਿਆਰ ’ਚੋਂ ਚੱਲੀ ਗੋਲ਼ੀ ਨੇ ਕਰਨਲ ਕਰਨਬੀਰ ਸਿੰਘ ਦੇ ਹੇਠਲੇ ਜਬਾੜੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਕਰਨਲ ਕਰਨਬੀਰ ਨੇ ਆਪਣੀ ਪੁਜ਼ੀਸ਼ਨ ਬਦਲੀ, ਲਗਾਤਾਰ ਫਾਇਰਿੰਗ ਕਰਦੇ ਰਹੇ ਤੇ ਢੋਕ ’ਚ ਲੁਕ ਕੇ ਅੱਤਵਾਦੀ ਨੂੰ ਖ਼ਤਮ ਕਰਨ ’ਚ ਸਫਲ ਰਹੇ।
ਕਰਨਲ ਕਰਨਬੀਰ ਸਿੰਘ ਨਟ ਇਸ ਮੁਕਾਬਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਉਹ ਕੋਮਾ ’ਚ ਚਲੇ ਗਏ। ਕੁਝ ਸਮੇਂ ਤਕ ਉਨ੍ਹਾਂ ਦਾ ਇਲਾਜ ਦਿੱਲੀ ਦੇ ਹਸਪਤਾਲ ’ਚ ਚੱਲਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ। ਕਰਨਲ ਕਰਨਬੀਰ ਸਿੰਘ ਵੱਲੋਂ ਦਿਖਾਏ ਗਈ ਅਦਭੁਤ ਬਹਾਦਰੀ ਲਈ ਉਨ੍ਹਾਂ ਨੂੰ 26 ਜਨਵਰੀ 2016 ਨੂੰ ਸੈਨਾ ਮੈਡਲ (ਵੀਰਤਾ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ 19 ਗਾਰਡਸ ’ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ।18 ਮਾਰਚ 1976 ਨੂੰ ਜਨਮੇ ਕਰਨਲ ਕਰਨਬੀਰ ਸਿੰਘ ਨਟ ਦਾ ਪਰਿਵਾਰ ਬਟਾਲਾ ਨਾਲ ਸਬੰਧਤ ਹੈ ਤੇ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਵੀ ਭਾਰਤੀ ਫ਼ੌਜ ’ਚ ਕਰਨਲ ਸਨ।
Comments