14/12/2023
ਪਟਿਆਲਾ ਦੇ ਕੌਮੀ ਸ਼ਾਹ ਮਾਰਗ ਦਿੱਲੀ-ਅੰਮ੍ਰਿਤਸਰ ’ਤੇ ਸਥਿਤ ਮਿੱਡ ਵੇ ਢਾਬੇ ਨੇੜੇ ਬੁੱਧਵਾਰ ਸਵੇਰੇ ਸੰਘਣੀ ਧੁੰਦ ਅਤੇ ਬਿਲਕੁਲ ਨਾਲ ਨਗਰ ਕੌਂਸਲ ਵੱਲੋਂ ਬਣਾਏ ਕੂੜੇ ਦੇ ਡੰਪ ਵਿੱਚੋਂ ਨਿਕਲਦੇ ਧੂੰਏਂ ਕਾਰਨ 2 ਬੱਸਾਂ ਸਣੇ ਅੱਧਾ ਦਰਜਨ ਵਾਹਨ ਆਪਸ ਵਿੱਚ ਟਕਰਾਅ ਗਏ। ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬੱਸ ਵਿੱਚ ਸਵਾਰ ਸਵਾਰੀਆਂ ਸਣੇ ਦਰਜਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਧੁੰਦ ਪਈ ਹੋਣ ਕਾਰਨ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ’ਤੇ ਪੈਂਦੇ ਮਿੱਢ ਵੇ ਢਾਬੇ ਨੇੜੇ ਤਿੰਨ ਟਰੱਕ, ਇੱਕ ਕਾਰ ਅਤੇ ਦੋ ਬੱਸਾਂ ਆਪਸ ’ਚ ਟਕਰਾਅ ਗਏ। ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਬੱਸ ਡਰਾਇਵਰ ਦਵਿੰਦਰ ਸਿੰਘ ਵਾਸੀ ਕੱਟੜਾ (ਜੰਮੂ ਕਸ਼ਮੀਰ) ਵਜੋਂ ਹੋਈ।
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਦੇ ਕੂੜੇ ਦੇ ਡੰਪ ਵਿੱਚ ਲਾਈ ਜਾਂਦੀ ਅੱਗ ਸਬੰਧੀ ਨਗਰ ਕੌਂਸਲ ਦੇ ਕਰਮਚਾਰੀ ਨੇ ਕਿਹਾ ਕਿ ਡੰਪ ਵਿੱਚ ਅੱਗ ਕਰੀਬ ਇੱਕ ਹਫਤਾ ਪਹਿਲਾਂ ਹੱਡਾ ਰੋੜੀ ਦੇ ਠੇਕੇਦਾਰ ਰਾਜ ਕੁਮਾਰ ਬੱਬੀ ਵੱਲੋਂ ਲਾਈ ਗਈ ਸੀ ਜਿਸ ਨੂੰ ਉਹ ਪਿਛਲੇ ਕਈ ਦਿਨਾਂ ਤੋਂ ਬੁਝਾਉਣ ਵਿੱਚ ਲੱਗੇ ਹੋਏ ਹਨ।
ਹੱਡਾ ਰੋੜੀ ਦੇ ਠੇਕੇਦਾਰ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਮਰੇ ਹੋਏ ਪਸ਼ੂਆਂ ਨੂੰ ਇਥੇ ਲਿਆ ਕੇ ਮਾਸ ਅਤੇ ਹੱਡੀਆਂ ਵੱਖ ਕਰਨਾ ਹੈ ਤੇ ਇਹ ਦੋਵੇਂ ਚੀਜ਼ਾਂ ਅੱਗੇ ਮਾਰਕੀਟ ਵਿੱਚ ਵੇਚੀਆਂ ਜਾਂਦੀਆਂ ਹਨ। ਇਸ ਲਈ ਅੱਗ ਲਾਉਣ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀ ਹੈ।
Comments