01/01/2024
ਤਾਮਿਲਨਾਡੂ ਦੇ 23 ਸਾਲਾ ਉਸਾਰੀ ਕਾਮੇ ਪੋਨਰਾਮਨ ਏਝੁਮਲਾਈ ਦੀ ਇਸ ਮਹੀਨੇ ਦੇ ਸ਼ੁਰੂ ’ਚ ਸਿੰਗਾਪੁਰ ’ਚ ਕੰਮ ਵਾਲੀ ਥਾਂ ’ਤੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹੁਣ ਨੌਜਵਾਨ ਦੇ ਪਰਿਵਾਰ ਨੇ ਮੌਤ ਦੇ ਹਾਲਾਤ ’ਤੇ ਸਵਾਲ ਚੁੱਕੇ ਹਨ। ਅੱਠ ਮਹੀਨੇ ਪਹਿਲਾਂ ਸਿੰਗਾਪੁਰ ਆਇਆ ਪੋਨਰਾਮਨ ਟੀਐੱਮਸੀ ਕੰਕਰੀਟ ਪੰਪਿੰਗ ਸਰਵਿਸਿਜ਼ ’ਚ ਕੰਮ ਕਰਦਾ ਸੀ। ਉਹ ਆਪਣੇ ਪਰਿਵਾਰ ’ਚ ਇਕੱਲਾ ਕਮਾਉਣ ਵਾਲਾ ਸੀ।
‘ਸਟੇਟਸ ਟਾਈਮਜ਼’ ਮੁਤਾਬਕ, ਹਾਦਸੇ ਵੇਲੇ ਉਹ ਕੰਕਰੀਟ ਪੰਪ ਦੇ ਟਰੱਕ ਪਿੱਛੇ ਖੜ੍ਹਾ ਹੋ ਕੇ ਸਟੀਲ ਦੀ ਪਲੇਟ ਹਟਾ ਰਿਹਾ ਸੀ। ਹਾਦਸੇ ਤੋਂ ਬਾਅਦ ਉਹ ਟਰੱਕ ਤੋਂ ਦੂਰ ਜਾਣ ਲੱਗਾ ਪਰ ਕੁਝ ਹੀ ਦੇਰ ’ਚ ਮੌਕੇ ’ਤੇ ਡਿੱਗ ਪਿਆ। ਕਾਹਲੀ ’ਚ ਉਸ ਨੂੰ ਨਿੱਜੀ ਸਾਧਨਾਂ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਵੇਂ ਸੱਟਾਂ ਲੱਗੀਆਂ ਸਨ। ਸਿੰਗਾਪੁਰ ’ਚ ਹੀ ਕੰਮ ਕਰਨ ਵਾਲੇ ਪੋਨਰਾਮਨ ਦੇ ਦੋ ਚਾਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਵਾਲੀ ਰਾਤ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੂੰ ਲੱਗਾ ਕਿ ਸੱਟ ਗੰਭੀਰ ਨਹੀਂ ਹੈ ਪਰ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਉਨ੍ਹਾਂ ਦੇ ਭਤੀਜੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਕਿਉਂ ਨਹੀਂ ਸੱਦੀ ਗਈ ਤੇ ਉਸ ਨੂੰ ਨੇੜਲੇ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ? ਉਸ ਦੀ ਜਾਨ ਬਚਾਈ ਜਾ ਸਕਦੀ ਸੀ।
Comentários