14/01/2024
ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਖਿਦਰਾਣੇ ਦੀ ਢਾਬ ਦੀ ਅਖੀਰਲੀ ਜੰਗ ਆਪਣੇ ਆਪ ’ਚ ਸਿੱਖ ਇਤਿਹਾਸ ਦੀ ਇਕ ਅਦੁੱਤੀ ਮਿਸਾਲ ਹੈ ਤੇ ਇਤਿਹਾਸ ਦੇ ਪੰਨਿਆਂ ’ਚ ਆਪਣਾ ਇਕ ਵਿਲੱਖਣ ਸਥਾਨ ਰੱਖਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬੇਦਾਵਾ ਲਿਖ ਕੇ ਦੇ ਆਏ 40 ਸਿੰਘਾਂ ਦੀ ਗੁਰੂ ਜੀ ਨੇ ਖਿਦਰਾਣੇ ਦੀ ਢਾਬ ’ਤੇ ਬੇਦਾਵਾ ਪਾੜ੍ਹ ਕੇ ਟੁੱਟੀ ਗੰਢ ਲਈ ਸੀ। ਮੁਗਲਾਂ ਨਾਲ ਲੋਹਾ ਲੈਂਦਿਆਂ ਲੜੀ ਇਸ ਜੰਗ ’ਚ ਭਾਈ ਮਹਾਂ ਸਿੰਘ ਤੇ ਮਾਤਾ ਭਾਗ ਕੌਰ ਦੀ ਅਗਵਾਈ ’ਚ ਸ਼ਹੀਦੀਆਂ ਪਾ ਗਏ ਸਿੰਘਾਂ ਨੂੰ ਗੁਰੂ ਜੀ ਨੇ ਇਹ ਮੇਰਾ ਦਸ ਹਜ਼ਾਰੀ, ਵੀਹ ਹਜ਼ਾਰੀ ਤੇ ਪੰਜਾਹ ਹਜ਼ਾਰੀ ਆਦਿ ਦਾ ਖਿਤਾਬ ਦਿੰਦਿਆਂ ‘ਖਿਦਰਾਣੇ ਦੀ ਢਾਬ’ ਦਾ ਨਾਮ ਮੁਕਤਸਰ ਰੱਖਿਆ। ਇਨ੍ਹਾਂ ਹੀ 40 ਮੁਕਤਿਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਜੋੜ ਮੇਲਾ ਮਾਘੀ ਮਨਾਇਆ ਜਾਂਦਾ।
40 ਮੁਕਤਿਆਂ ਦੀ ਯਾਦ ’ਚ ਲਾਏ ਜਾਣ ਵਾਲੇ ਇਸ ਸ਼ਹੀਦੀ ਜੋੜ ਮੇਲੇ ’ਚ ਦੇਸ਼ਾਂ ਵਿਦੇਸ਼ਾਂ ਤੋਂ ਦੁਨੀਆਂ ਭਰ ਤੋਂ ਅੱਜ ਲੱਖਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਅੱਜ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਸਥਾਪਤ ਸਰੋਵਰ ’ਚ ਸ਼ਰਧਾ ਦੀ ਚੁੱਬੀ ਲਾਉਣਗੇ। ਇਸ ਤੋਂ ਇਲਾਵਾ ਸ਼ਹਿਰ ਦੇ ਇਤਿਹਾਸਿਕ ਗੁਰੂ ਘਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ ਵਿਖੇ ਵੀ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਣਗੀਆਂ। ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰੂ ਘਰਾਂ ਨੂੰ ਸੁੰਦਰ ਬਿਜਲਈ ਲੜੀਆਂ ਤੇ ਫੁੱਲਾਂ ਆਦਿ ਨਾਲ ਸਜਾਇਆ ਗਿਆ ਹੈ।
Комментарии