26/01/2024
ਪਿਛਲੇ ਦਿਨੀ ਜੰਮੂ-ਕਸ਼ਮੀਰ ਦੇ ਰਾਜੌਰੀ ਖੇਤਰ ’ਚ ਸ਼ਹਾਦਤ ਦਾ ਜਾਮ ਪੀ ਗਏ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਸ਼ਹੀਦ ਅਜੈ ਸਿੰਘ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਭੈਣ ਜੋ ਗ੍ਰੈਜੂਏਸ਼ਨ ਕਰ ਰਹੀ ਹੈ, ਪੜ੍ਹਾਈ ਉਪਰੰਤ ਪੰਜਾਬ ਸਰਕਾਰ ਉਸ ਨੂੰ ਨੌਕਰੀ ਦੇਵੇਗੀ, ਸ਼ਹੀਦ ਦੇ ਨਾਂ ’ਤੇ ਸਕੂਲ ਦਾ ਨਾਂ ਹੋਵੇਗਾ ਤੇ ਇਸੇ ਪਿੰਡ ’ਚ ਆਮ ਆਦਮੀ ਕਲੀਨਿਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਸ਼ਹੀਦ ਅਜੈ ਸਿੰਘ ਦਾ ਬੁੱਤ ਪੰਚਾਇਤੀ ਜ਼ਮੀਨ ’ਤੇ ਲਗਾਉਣ ਦਾ ਵੀ ਐਲਾਨ ਕੀਤਾ।
ਸ਼ਹੀਦ ਅਗਨੀਵੀਰ ਅਜੈ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਡਿਊਟੀ ਨਿਭਾਉਂਦੇ ਹੋਏ ਬਹਾਦਰੀ ਤੇ ਸਾਹਸ ਦਾ ਪ੍ਰਗਟਾਵਾ ਕਰ ਕੇ ਮੁਲਕ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਪਰ ਕੇਂਦਰ ਸਰਕਾਰ ਪੰਜਾਬ ਦੇ ਇਨ੍ਹਾਂ ਸਪੂਤਾਂ ਦਾ ਚਾਰ ਸਾਲ ਦੀ ਨੌਕਰੀ ਦੇ ਕੇ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਬਹਾਦਰ ਪੁੱਤਰ ਦੇ ਪਰਿਵਾਰ ਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਉਸ ਨੇ ਸਧਾਰਨ ਮੌਤ ਦੀ ਬਜਾਏ ਸ਼ਹੀਦੀ ਪ੍ਰਾਪਤ ਕੀਤੀ ਜਿਸ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਤੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਹਾਇਤਾ ਲਈ ਪਰਿਵਾਰ ਨਾਲ ਖੜ੍ਹੀ ਹੈ। ਦੇਸ਼ ਦੇ ਆਜ਼ਾਦੀ ਸੰਗਰਾਮ ’ਚ ਜਿੱਥੇ ਪੰਜਾਬੀਆਂ ਦਾ ਵਡਮੁੱਲਾ ਯੋਗਦਾਨ ਹੈ, ਉਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅੱਜ ਵੀ ਸ਼ਹੀਦੀਆਂ ’ਚ ਪੰਜਾਬੀ ਮੋਹਰੀ ਹਨ।
ਇਸ ਮੌਕੇ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੋਂਦ, ਚੇਅਰਮੈਨ ਨਵਜੋਤ ਸਿੰਘ ਜਰਗ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਐੱਸਐੱਸਪੀ ਅਮਨੀਤ ਕੌਂਡਲ, ਐੱਸਡੀਐੱਮ ਪੂਨਮਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੋਹਲੀ, ਹਲਕਾ ਕੋਆਰਡੀਨੇਟਰ ਪਰਗਟ ਸਿੰਘ ਸਿਆੜ, ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਪਾਇਲ, ਚੇਅਰਮੈਨ ਕਰਨ ਸਿਹੌੜਾ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਸਰਪੰਚ ਨਾਹਰ ਸਿੰਘ ਰਾਮਗੜ੍ਹ ਸਰਦਾਰਾਂ, ਬਹਾਦਰ ਸਿੰਘ ਖੇੜੀ, ਰਛਪਾਲ ਸਿੰਘ ਪਾਲਾ ਖੇੜੀ, ਰਾਣਾ ਕੂਨਰ, ਬੂਟਾ ਸਿੰਘ ਰਾਣੋ ਆਦਿ ਹਾਜ਼ਰ ਸਨ।
ਸਖ਼ਤ ਸੁਰੱਖਿਆ ਕਾਰਨ ਲੋਕ ਤੇ ‘ਆਪ’ ਦੇ ਵਰਕਰ ਹੋਏ ਮਾਯੂਸ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪਿੰਡ ਰਾਮਗੜ੍ਹ ਸਰਦਾਰਾਂ ਤੋਂ ਇਲਾਵਾ ਮਲੌਦ ਤੇ ਲਾਗਲੇ ਪਿੰਡਾਂ ’ਚ ਕਈ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਸੀ ਤੇ ਜ਼ਿਆਦਾਤਰ ਨਜ਼ਦੀਕੀ ਘਰਾਂ ਦੇ ਲੋਕਾਂ ਨੂੰ ਤਾਂ ਘਰਾਂ ’ਚ ਹੀ ਬੰਦ ਕੀਤਾ ਗਿਆ ਤੇ ਸਖ਼ਤ ਪ੍ਰਬੰਧਾਂ ਕਾਰਨ ‘ਆਪ’ ਦੇ ਵਰਕਰਾਂ ਤੇ ਆਗੂਆਂ ਨੂੰ ਵੀ ਮਾਯੂਸ ਹੋ ਕੇ ਮੁੜਨਾ ਪਿਆ। ਇਸ ਕਾਰਨ ਲੋਕਾਂ ’ਚ ਰੋਸ ਪਾਇਆ ਗਿਆ ਕਿ ਆਮ ਲੋਕਾਂ ਦੀ ਸਰਕਾਰ ਦੇ ਮੁੱਖ ਮੰਤਰੀ ਜੋ ਦੂਸਰਿਆਂ ’ਤੇ ਮੁਰਗੀਖ਼ਾਨੇ ਖੋਲਣ ਦੇ ਤੰਜ਼ ਕੱਸਦੇ ਸੀ, ਉਹ ਅੱਜ ਖ਼ੁਦ ਪਿਛਲੀਆਂ ਸਰਕਾਰਾਂ ਦੇ ਮੁਖੀਆਂ ਨੂੰ ਵੀ ਪਿੱਛੇ ਛੱਡਦੇ ਵੇਖੇ ਗਏ।
Comentários