18/02/2024
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਯਾਦ ਵਿਚ ਗੁਰਦੁਆਰਾ ਬਾਬਾ ਬੁੱਢਾ ਜੀ ਮਾਡਲ ਟਾਊਨ ਐਕਸਟੈਨਸ਼ਨ ਚੌਕ ਸੰਗਤ ਲਈ ਸ਼ਰਧਾ ਤੇ ਸਤਿਕਾਰ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਰੂਹਾਨੀਅਤ ਦੇ ਇਸ ਕੇਂਦਰ ’ਤੇ ਸਿਜਦਾ ਕਰਨ ਲਈ ਆਉਂਦੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਬੰਧ ਹੇਠ ਇਸ ਗੁਰਦੁਆਰੇ ਦੀ ਸਥਾਪਨਾ ਦੋ ਵਰ੍ਹੇ ਪਹਿਲਾਂ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਵੱਲੋਂ ਸੰਗਤ ਦੇ ਵਡਮੁੱਲੇ ਸਹਿਯੋਗ ਨਾਲ ਕੀਤੀ ਗਈ ਸੀ। ਇੱਥੇ ਨਿਰੰਤਰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਹਨ ਅਤੇ ਇਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਿਸ ਦਿਨ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾ ਹੋਈ ਹੋਵੇ।
24 ਘੰਟੇ ਚੱਲਦਾ ਹੈ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ
ਇਸ ਅਸਥਾਨ ’ਤੇ ਸੰਗਤ ਨੂੰ 24 ਘੰਟੇ ਮਿੱਸੇ ਪ੍ਰਸ਼ਾਦਿਆਂ, ਅਚਾਰ ਅਤੇ ਪਿਆਜ਼ ਦਾ ਲੰਗਰ ਮਿਲਦਾ ਹੈ। ਆਪਣੀ ਇੱਛਾ ਅਨੁਸਾਰ ਸੰਗਤ ਆਪਣੇ ਘਰੋਂ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਕਰ ਕੇ ਲਿਆਉਂਦੀ ਹੈ। ਇਸ ਅਸਥਾਨ ਦੇ ਕਵਾੜ 24 ਘੰਟੇ ਸੰਗਤ ਲਈ ਖੁੱਲ੍ਹੇ ਰਹਿੰਦੇ ਹਨ। ਇਸ ਅਸਥਾਨ ਦੇ ਬਹੁਤ ਹੀ ਸ਼ਾਂਤਮਈ ਅਤੇ ਆਨੰਦਦਾਇਕ ਮਾਹੌਲ ਵਿਚ ਸੰਗਤ ਸ੍ਰੀ ਸੁਖਮਨੀ ਸਾਹਿਬ ਅਤੇ ਗੁਰਬਾਣੀ ਦੇ ਨਿਰੰਤਰ ਪਾਠ ਕਰਨ ਲਈ ਪੁੱਜਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦੀ ਯਾਦ ਵਿਚ ਇਸ ਪਵਿੱਤਰ ਅਸਥਾਨ ਦੀ ਸਥਾਪਨਾ ਸੰਗਤ ਦੀ ਮੰਗ ’ਤੇ ਕੀਤੀ ਗਈ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰਾਹੀਂ ਕੀਤੀ ਜਾ ਰਹੀ ਹੈ ਸੰਗਤ ਦੀ ਸੇਵਾ
ਮੱਕੜ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚੱਲ ਰਿਹਾ ਹੈ ਜਿੱਥੇ ਦੰਦਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਜਨਰਲ ਮੈਡੀਸਨ ਦੇ ਮਾਹਰ ਡਾਕਟਰ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦੇ ਹਨ ਅਤੇ ਇਸ ਨੂੰ 25 ਕਮਰਿਆਂ ਦਾ ਹਸਪਤਾਲ ਬਣਾਉਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨਾਲ ਬਾਬਾ ਬੁੱਢਾ ਜੀ ਹਾਲ ਅਤੇ ਭਾਈ ਘਨ੍ਹੱਈਆ ਜੀ ਹਾਲ ਵੀ ਸੰਗਤ ਲਈ ਤਿਆਰ ਕੀਤੇ ਹੋਏ ਹਨ ਅਤੇ ਜਲਦੀ ਹੀ ਗੁਰਦੁਆਰਾ ਸਾਹਿਬ ਵਿਚ ਲਾਇਬ੍ਰੇਰੀ ਸਥਾਪਤ ਕਰਨ ਲਈ ਵਿਚਾਰ ਕੀਤੀ ਗਈ ਹੈ।
ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦੇਣ ਲਈ ਚੱਲ ਰਿਹਾ ਨਵੇਂ ਹਾਲ ਦਾ ਨਿਰਮਾਣ
ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਬੱਚਿਆਂ ਨੂੰ ਗੁਰਮਤਿ ਸਿਖਲਾਈ ਦੇਣ ਲਈ ਵੀ ਆਲੀਸ਼ਾਨ ਹਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਬੱਚਿਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਤੇ ਵਿਰਸੇ ਦੀ ਜਾਣਕਾਰੀ ਦੇਣ ਲਈ ਕਲਾਸਾਂ ਲੱਗਣਗੀਆਂ। ਇਸ ਲਈ ਪੰਥਕ ਵਿਦਵਾਨਾਂ ਦਾ ਬੋਰਡ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵੱਲੋਂ 25 ਕਮਰਿਆਂ ਦੀ ਸਰਾਂ ਮਾਈ ਭਾਗੋ ਦੇ ਨਾਂ ’ਤੇ ਵੀ ਬਣਾਈ ਜਾ ਰਹੀ ਹੈ ਜਿਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਸਮੂਹ ਸੰਗਤ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਨਿਰੰਤਰ ਜਾਰੀ ਰਹਿਣਗੇ।
コメント