google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼ਿਵ ਸੈਨਾ ਦੇ ਨਾਂ ’ਤੇ ਗੰਨਮੈਨ ਲੈ ਕੇ ਘੁੰਮਦਾ ਰਿਹਾ ਨੌਂ ਸਾਲ ਦਾ ਭਗੌੜਾ

ਲੁਧਿਆਣਾ, 27 ਜੁਲਾਈ

ਪਿਛਲੇ ਨੌਂ ਸਾਲ ਤੋਂ ਆਰਮਜ਼ ਐਕਟ ਤਹਿਤ ਭਗੌੜਾ ਮੁਲਜ਼ਮ ਸ਼ਿਵ ਸੈਨਾ ਦੇ ਨਾਮ ’ਤੇ ਗੰਨਮੈਨ ਲੈ ਕੇ ਘੁੰਮਦਾ ਰਿਹਾ। ਹੈਰਾਨੀ ਦੀ ਗੱਲ ਹੈ ਕਿ ਲੁਧਿਆਣਾ ਪੁਲਿਸ ਨੇ ਵੀ ਬਿਨਾਂ ਜਾਂਚ ਪੜਤਾਲ ਕੀਤੇ ਭਗੌੜੇ ਨੂੰ ਉਸ ਦੀ ਸੁਰੱਖਿਆ ਲਈ ਗੰਨਮੈਨ ਦੇ ਦਿੱਤੇ। ਇਸ ਦੇ ਨਾਲ ਹੀ ਜਦੋਂ ਵੀ ਪੰਜਾਬ ’ਚ ਕਿਸੇ ਵੱਡੇ ਹਿੰਦੂ ਨੇਤਾ ’ਤੇ ਹਮਲਾ ਜਾਂ ਫਿਰ ਉਸ ਦਾ ਕਤਲ ਹੋਇਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਹਰ ਸ਼ਿਵ ਸੈਨਾ ਲੀਡਰ ਦੀ ਸੁਰੱਖਿਆ ਦਾ ਰੀਵਿਊ ਕਰਦੇ ਰਹੇ। ਹੁਣ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਚਾਰ ਦਿਨ ਪਹਿਲਾਂ ਹੇਮੰਤ ਠਾਕੁਰ ਨੇ ਸ਼ਿਵ ਸੈਨਾ ਪੰਜਾਬ ਦੇ ਲੈਟਰਪੈਡ ’ਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਸ਼ਿਵ ਸੈਨਾ ਦੇ ਨਾਮ ’ਤੇ ਜੋ ਗਨਮੈਨ ਦਿੱਤੇ ਗਏ ਹਨ, ਉਨ੍ਹਾਂ ਨੂੰ ਚੈੱਕ ਕੀਤਾ ਜਾਵੇ। ਇਸ ਦੌਰਾਨ ਹੇਮੰਤ ਨੇ ਆਪਣਾ ਗੰਨਮੈਨ ਵੀ ਵਾਪਸ ਕਰ ਦਿੱਤਾ।

ਉਸ ਸਮੇਂ ਹੇਮੰਤ ਨੇ ਕਿਹਾ ਸੀ ਕਿ ਪੁਲਿਸ ਜੇਕਰ ਜਾਂਚ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਤੋਂ ਸ਼ੁਰੂਆਤ ਕੀਤੀ ਜਾਵੇ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ 2014 ’ਚ ਉਸ ਖਿਲਾਫ਼ ਸ਼ਿਮਲਾਪੁਰੀ ਥਾਣੇ ’ਚ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ। ਉਹ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਸੀ। ਅਦਾਲਤ ਵੱਲੋਂ ਭਗੌੜੇ ਮੁਲਜ਼ਮ ਨੂੰ ਬਿਨ੍ਹਾਂ ਜਾਂਚ ਕੀਤੇ ਸੁਰੱਖਿਆ ਲਈ ਪੁਲਿਸ ਜਵਾਨ ਦੇ ਦਿੱਤਾ ਗਿਆ। ਹੇਮੰਤ ਠਾਕੁਰ ਚਾਰ ਦਿਨ ਪਹਿਲਾਂ ਗੁਰਸਿਮਰਨ ਮੰਡ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਆਇਆ ਸੀ। ਇਸ ਮਗਰੋਂ ਬੁੱਧਵਾਰ ਨੂੰ ਗੁਰਸਿਮਰਨ ਮੰਡ ਠਾਕੁਰ ਦੇ ਪੀਓ ਹੋਣ ਦੇ ਕਾਗਜ਼ ਲੈ ਕੇ ਪੁਲਿਸ ਕੋਲ ਪੁੱਜ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਧਰ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਹੇਮੰਤ ਠਾਕੁਰ ਜਿਸ ਦਿਨ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ, ਆਉਂਦੇ ਹੀ ਉਸ ਨੇ ਸ਼ਿਵ ਸੈਨਾ ਪੰਜਾਬ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਹੇਮੰਤ ਠਾਕੁਰ ਦਾ ਸ਼ਿਵ ਸੈਨਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ।

Comments


Logo-LudhianaPlusColorChange_edited.png
bottom of page