google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ ਅਪ੍ਰੈਲ ਤੱਕ ਵਧਣ ਦੀ ਸੰਭਾਵਨਾ, ਪਿਛਲੀ ਵਾਰ ਦੀ ਤੁਲਨਾ ਹਾਲੇ ਤੱਕ ਅੱਧੀਆਂ ਵੋਟਾਂ ਵੀ ਨਹੀਂ ਬਣੀਆਂ

28/02/2024

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ ਇਕ ਵਾਰ ਮੁੜ ਵਧਣ ਦੀ ਸੰਭਾਵਨਾ ਬਣ ਗਈ ਹੈ। ਪਤਾ ਲੱਗਿਆ ਹੈ ਕਿ ਪਿਛਲੀ ਵਾਰ ਬਣੀਆਂ ਵੋਟਾਂ ਦੇ ਮੁਕਾਬਲੇ ਹੁਣ ਤੱਕ ਅੱਧੀਆਂ ਵੋਟਾਂ ਵੀ ਨਹੀਂ ਬਣ ਸਕੀਆਂ। ਜਿਸ ਕਰਕੇ ਮੁੱਖ ਚੋਣ ਕਮਿਸ਼ਨ ਗੁਰਦੁਆਰਾ ਚੋਣਾਂ, ਜਸਟਿਸ ਐੱਸਐੱਸ ਸਾਰੋ ਨੇ ਵੋਟਾਂ ਬਣਾਉਣ ਲਈ ਦੋ ਮਹੀਨਿਆਂ ਦਾ ਸਮਾਂ ਹੋਣ ਵਧਾਉਣ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇਸ ਸਬੰਧੀ ਅਜੇ ਕੋਈ ਪੱਤਰ ਜਾਰੀ ਨਹੀਂ ਕੀਤਾ ਕਿਉਂਕਿ ਵੋਟਾਂ ਬਣਾਉਣ ਦੀ ਆਖ਼ਰੀ ਤਾਰੀਖ 29 ਫਰਵਰੀ ਹੈ।


ਜਾਣਕਾਰੀ ਮੁਤਾਬਿਕ ਸਾਲ 2011 ਵਿਚ ਸ਼੍ਰੋਮਣੀ ਕਮੇਟੀ ਦੀਆਂ 51 ਲੱਖ ਦੇ ਕਰੀਬ ਵੋਟਾਂ ਸਨ। ਜਦਕਿ ਹੁਣ ਤੱਕ 23.28 ਲੱਖ ਦੇ ਕਰੀਬ ਵੋਟਾਂ ਬਣਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਤਾ ਚੱਲਿਆ ਹੈ ਕਿ ਤਰਨ-ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਦੋ-ਦੋ ਲੱਖ ਤੋਂ ਵੱਧ ਵੋਟਾਂ ਬਣੀਆਂ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿਚ 1.58 ਲੱਖ ਦੇ ਕਰੀਬ ਵੋਟਾਂ ਬਣੀਆਂ ਹਨ। ਸੱਭ ਤੋਂ ਘੱਟ ਵੋਟਾਂ ਪਠਾਨਕੋਟ ਅਤੇ ਮੋਹਾਲੀ ਵਿਚ ਬਣੀਆਂ ਹਨ।


ਉਧਰ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਜਸਟਿਸ ਐੱਸ.ਐੱਸ. ਸਾਰੋ (ਸੇਵਾ ਮੁਕਤ) ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਵੋਟਾਂ ਬਣਾਉਣ ਲਈ ਦੋ ਮਹੀਨਿਆਂ ਦਾ ਸਮਾਂ ਵਧਾਉਣ ਅਤੇ ਸਰਕਾਰੀ ਤੰਤਰ ਤੇ ਮੁਲਾਜ਼ਮਾਂ ਨੂੰ ਘਰ-ਘਰ ਜਾ ਕੇ ਵੋਟਾਂ ਬਣਾਉਣ ਦੀਆਂ ਹਦਾਇਤਾਂ ਦੇਣ ਸਬੰਧੀ ਮੰਗ ਪੱਤਰ ਦਿੱਤਾ ਹੈ। ਮਾਨ ਦੀ ਤਰਫ਼ੋਂ ਇਹ ਚਿੱਠੀ ਪਾਰਟੀ ਦੇ ਸੂਬਾਈ ਪ੍ਰਧਾਨ ਗੋਪਾਲ ਸਿੰਘ ਸਿੱਧੂ, ਮੀਤ ਪ੍ਰਧਾਨ ਚਰਨਜੀਤ ਸਿੰਘ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਦਿੱਤੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ ਵਿਚ ਪਹਿਲਾਂ ਤਿੰਨ ਲੱਖ ਤੋਂ ਵੱਧ ਵੋਟਾਂ ਬਣਦੀਆਂ ਰਹੀਆਂ ਹਨ, ਉਨ੍ਹਾਂ ਵਿਚ 70 ਤੋਂ 80 ਹਜ਼ਾਰ ਦੇ ਕਰੀਬ ਹੀ ਵੋਟਾਂ ਬਣੀਆਂ ਹਨ। ਵਫ਼ਦ ਨੇ ਵੋਟਾਂ ਬਣਾਉਣ ਲਈ ਅਧਿਆਪਕਾਂ, ਬੀ.ਐੱਲ.ਓ. ਆਂਗਨਵਾੜੀ ਵਰਕਰਾਂ, ਪਟਵਾਰੀ, ਕਾਨੂੰਗੋ, ਤਹਿਸੀਲਦਾਰਾਂ ਦੀਆਂ ਆਮ ਚੋਣਾਂ ਲਈ ਵੋਟਾਂ ਬਣਾਉਣ ਵਾਂਗ ਗੁਰਦੁਆਰਾ ਵੋਟਾਂ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਅਕਾਲੀ ਆਗੂ ਗੋਪਾਲ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਲਈ ਅਪ੍ਰੈਲ ਤੱਕ ਦਾ ਸਮਾਂ ਵਧਾਉਣ ਦਾ ਭਰੋਸਾ ਦਿੱਤਾ ਹੈ।


ਇਸ ਵਾਰ ਪੂਰਨ ਗੁਰਸਿੱਖ ਦੀ ਵੋਟ ਬਣਾਉਣ ਦੀਆਂ ਹਦਾਇਤਾਂ

ਉਧਰ ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਵੋਟਾਂ ਘੱਟ ਬਣਨ ਦੇ ਪਿੱਛੇ ਵੱਡਾ ਕਾਰਨ ਇਸ ਵਾਰ ਪੂਰਨ ਗੁਰਸਿੱਖ ਦੀ ਵੋਟ ਬਣਾਉਣ ਦੀਆਂ ਹਦਾਇਤਾਂ ਹੈ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਵੋਟ ਬਣਾਉਣ ਲਈ ਫ਼ਾਰਮ ’ਤੇ ਵੋਟਰ ਦੀ ਤਾਜ਼ਾ ਫੋਟੋ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਲਾਉਣਾ ਲਾਜ਼ਮੀ ਕੀਤਾ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਆਦਮੀਆਂ ਦੇ ਮੁਕਾਬਲੇ ਔਰਤਾਂ ਦੀਆਂ ਵੋਟਾਂ ਵੱਧ ਬਣ ਰਹੀਆਂ ਹਨ। ਨੌਜਵਾਨਾਂ ਵਿਚ ਜ਼ਿਆਦਾਤਰ ਪਤਿਤ ਸਿੱਖ ਹਨ, ਜਿਸ ਕਰ ਕੇ ਵੋਟ ਬਣਾਉਣ ਵਿਚ ਵੱਡੀ ਦਿੱਕਤ ਬਣੀ ਹੋਈ ਹੈ।

Comments


Logo-LudhianaPlusColorChange_edited.png
bottom of page