ਲੁਧਿਆਣਾ, 29 ਨਵੰਬਰ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਮੱਸਿਆ ਦਾ ਮੁੱਦਾ ਜੋਰ-ਸ਼ੋਰ ਨਾਲ ਚੁੱਕਿਆ ਗਿਆ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਲੁਧਿਆਣਾ ਪੂਰਬੀ ਦੀਆਂ ਸੀਵਰੇਜ਼ ਲਾਈਨਾਂ ਹੋਰਨਾਂ ਹਲਕਿਆਂ ਤੋਂ ਵੱਖਰੀਆਂ ਕਰਨ ਨਾਲ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਰਾਹੋਂ ਰੋਡ ਦੇ ਅੱਧ ਵਿਚਾਲੇ ਲਟਕੇ ਪ੍ਰੋਜੈਕਟ ਨੂੰ ਵੀ ਜਲਦ ਮੁਕੰਮਲ ਕਰਵਾਉਣ 'ਤੇ ਜੋਰ ਦਿੱਤਾ।
ਜ਼ਿਕਰਯੋਗ ਹੈ ਕਿ ਸੂਬੇ ਭਰ ਦੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਵੱਲੋਂ ਆਪਣ-ਆਪਣੇ ਹਲਕਿਆਂ ਵਿੱਚ ਆ ਰਹੀਆਂ ਸਮੱਸਿਆਂਵਾਂ ਬਾਰੇ ਸਰਕਾਰ ਨੂੰ ਜਾਣੂੰ ਕਰਵਾਇਆ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਇਲਾਵਾ ਹਲਕੇ ਦੀ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਓਵਰਫਲੋ ਤੋਂ ਛੁਟਕਾਰਾ ਪਾਉਣ ਲਈ ਸੁਝਾਅ ਪੇਸ਼ ਕੀਤੇ ਗਏ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਫੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਹਲਕੇ ਅੰਦਰ ਸੀਵਰੇਜ ਅਤੇ ਪੀਣ ਵਾਲੇ ਪਾਣੀ ਵਿੱਚ ਆ ਰਹੀ ਦਿੱਕਤ ਨੂੰ ਲੈ ਕੇ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ।
ਵਿਧਾਇਕ ਗਰੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਸਥਾਨਕ ਸਰਕਾਰਾਂ ਮੰਤਰੀ ਨੂੰ ਰਾਹੋ ਰੋਡ ਸੀਵਰੇਜ ਓਵਰਫਲੋ ਸਬੰਧੀ ਫਾਈਲ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਜਿਸ ਨੂੰ ਜਲਦ ਹੀ ਅਮਲ ਵਿੱਚ ਲਿਆਉਂਦੇ ਹੋਏ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ 'ਤੇ ਰਾਜ ਕਰ ਚੁੱਕੀਆਂ ਪਿਛਲੀਆਂ ਸਰਕਾਰਾਂ ਦੀ ਨਕਾਮੀ ਹੈ ਕੀ ਉਹਨਾਂ ਨੇ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਿਸ ਦੀ ਸਜ਼ਾ ਹਲਕੇ ਦੇ ਲੋਕ ਭੁਗਤ ਰਹੇ ਹਨ।
ਵਿਧਾਇਕ ਗਰੇਵਾਲ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਕਾਸ ਨੂੰ ਹਕੀਕੀ ਤੌਰ 'ਚ ਕਰਨ ਵਿੱਚ ਯਕੀਨ ਰੱਖਦੀ ਹੈ ਨਾ ਕਿ ਕਾਗਜਾ ਵਿੱਚ ਜੋ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਕੀਤਾ ਹੈ। ਉਹਨਾਂ ਕਿਹਾ ਕਿ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਜੋ ਵੀ ਸਮੱਸਿਆ ਹੈ ਉਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ. ਉਹਨਾਂ ਹਲਕਾ ਪੂਰਬੀ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਹਲਕੇ ਅੰਦਰ ਵਿਕਾਸ ਕਾਰਜਾਂ ਲਈ ਆ ਰਹੇ ਫੰਡਾਂ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
Yorumlar