google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਾਧੂ ਕੰਮ ਕਰਨ ਤੋਂ ਨਾਂਹ ਕਰਨ ’ਤੇ ਏਜੰਸੀ ਮਾਲਕ ਨੇ ਮਾਰੀ ਸੀ 19 ਸਾਲਾ ਨੌਜਵਾਨ ਨੂੰ ਗੋ+ਲ਼ੀ, ਗ੍ਰਿਫ਼ਤਾਰੀ ਮਗਰੋਂ ਅਗਲੀ ਕਾਰਵਾਈ ਸ਼ੁਰੂ

31/01/2024

ਬੀਤੀ ਸ਼ਾਮ ਦਸੂਹਾ ਦੇ ਬਲੱਗਣ ਚੌਕ ’ਚ 19 ਸਾਲਾ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਾ ਹੋਰ ਕੋਈ ਨਹੀਂ ਮੋਟਰਸਾਈਕਲ ਏਜੰਸੀ ਦਾ ਮਾਲਕ ਹੀ ਨਿਕਲਿਆ। ਦਸੂਹਾ ਪੁਲਿਸ ਨੇ ਏਜੰਸੀ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਓਡਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ (19) ਪੁੱਤਰ ਜੁਗਿੰਦਰ ਸਿੰਘ ਦਸੂਹਾ ਵਿਖੇ ਬਜਾਜ ਮੋਟਰਸਾਈਕਲ ਏਜੰਸੀ ’ਚ ਤਿੰਨ ਸਾਲਾਂ ਤੋਂ ਮਕੈਨਿਕ ਦਾ ਕੰਮ ਕਰ ਰਿਹਾ ਸੀ। ਬੀਤੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਗੁਰਪ੍ਰੀਤ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਖ਼ਤਮ ਕਰ ਕੇ ਵਾਪਸ ਆਪਣੇ ਘਰ ਨੂੰ ਜਾਣ ਲਈ ਕੱਪੜੇ ਬਦਲ ਰਿਹਾ ਸੀ ਤਾਂ ਏਜੰਸੀ ਦਾ ਮਾਲਕ ਪ੍ਰਭਸਿਮਰਨ ਸਿੰਘ ਪੁੱਤਰ ਅਪਿੰਦਰ ਸਿੰਘ ਵਾਸੀ ਵਾਰਡ ਨੰਬਰ 07 ਦਸੂਹਾ ਆ ਗਿਆ ਅਤੇ ਗੁਰਪ੍ਰੀਤ ਸਿੰਘ ਨੂੰ ਮੋਟਰਸਾਈਕਲਾਂ ਦਾ ਵਾਧੂ ਤੇ ਹੋਰ ਕੰਮ ਕਰਨ ਲਈ ਜ਼ੋਰ ਪਾਉਣ ਲੱਗਾ। ਉਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਨਾਂਹ ਕਰਨ ’ਤੇ ਏਜੰਸੀ ਮਾਲਕ ਤੈਸ਼ ਵਿਚ ਆ ਗਿਆ ਤੇ ਆਪਣਾ ਲਾਇਸੈਂਸੀ ਰਿਵਾਲਰ ਕੱਢ ਕੇ ਗੁਰਪ੍ਰੀਤ ਦੀ ਛਾਤੀ ’ਚ ਗੋਲ਼ੀ ਮਾਰ ਦਿੱਤੀ। ਗੰਭੀਰ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਦਸੂਹਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਏਜੰਸੀ ਮਾਲਕ ਪ੍ਰਭਸਿਮਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮੰਗਲਵਾਰ ਬਾਅਦ ਦੁਪਹਿਰ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


Comments


Logo-LudhianaPlusColorChange_edited.png
bottom of page