- ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਜਲਦ ਸਮੱਸਿਆਵਾਂ ਦਾ ਕੀਤਾ ਜਾਵੇ ਨਿਪਟਾਰਾ
ਲੁਧਿਆਣਾ 01 ਦਸੰਬਰ
ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਘਰੋ-ਘਰ ਜਾ ਕੇ ਹੱਲ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਮੋਬਾਇਲ ਦਫ਼ਤਰ ਵੈਨ' ਰਾਹੀਂ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਅੱਜ ਵਾਰਡ ਨੰਬਰ 38 ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ।
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ, ਪੀ.ਐਸ.ਪੀ.ਸੀ.ਐਲ., ਵਾਟਰ ਸਪਲਾਈ, ਪੁਲਿਸ਼ ਪ੍ਰਸ਼ਾਸ਼ਨ, ਮਾਲ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਸਿੱਧੂ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਉਨ੍ਹਾ ਦੇ ਘਰੋ-ਘਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਉਹ ਵੀ ਉਨ੍ਹਾਂ ਦੇ ਘਰ ਦੇ ਬੂਚੇ ਤੇ ਜਾ ਕੇ ਸੁਣੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 'ਮੋਬਾਇਲ ਦਫ਼ਤਰ ਵੈਨ' ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਜੇਕਰ ਹਲਕਾ ਆਤਮ ਨਗਰ ਦਾ ਕੋਈ ਵੀ ਵਸਨੀਕ ਉਨ੍ਹਾਂ ਦੇ ਦਫ਼ਤਰ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੈ ਤਾਂ 24 ਘੰਟੇ ਕਿਸੇ ਵੀ ਸਮੇਂ ਉਨ੍ਹਾਂ ਦੇ ਮੋਬਾਇਲ ਨੰਬਰ 97818-00002 'ਤੇ ਆਪਣੀ ਸਮੱਸਿਆ ਦੱਸ ਸਕਦਾ ਹੈ ਅਤੇ ਮੋਬਾਇਲ ਵੈਨ ਰਾਹੀਂ ਤੁਰੰਤ ਲੋੜਵੰਦ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਸਨੀਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।
Commentaires