google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਬੱਗਾ ਨੇ ਬੁੱਢੇ ਦਰਿਆ ਦੇ ਕੰਢੇ ਰੇਲਵੇ ਪੁਲੀ ਤੋਂ ਚੰਦਰ ਨਗਰ ਤੱਕ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ

ਲੁਧਿਆਣਾ, 29 ਅਪ੍ਰੈਲ

ਵਿਧਾਇਕ ਮਦਨ ਲਾਲ ਬੱਗਾ ਨੇ ਵਿਧਾਨ ਸਭਾ ਉੱਤਰੀ ’ਚ ਬੁੱਢੇ ਦਰਿਆ ਦੇ ਨਾਲ-ਨਾਲ ਰੇਲਵੇ ਪੁਲੀ ਤੋਂ ਚੰਦਰ ਨਗਰ ਤੱਕ ਮੁੱਖ ਸੜਕ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ। ਵਾਰਡ 91-92 ਨੂੰ ਜੋੜਨ ਵਾਲੀ ਇਸ ਸੜਕ ਦੇ ਨਿਰਮਾਣ ’ਤੇ ਕਰੀਬ 99 ਲੱਖ ਰੁਪਏ ਦੀ ਲਾਗਤ ਆਵੇਗੀ।

ਉਦਘਾਟਨ ਤੋਂ ਬਾਅਦ ਬੱਗਾ ਨੇ ਇੱਥੋ ਲੰਘਦੇ ਬੁੱਢੇ ਨਾਲੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਰੀਬ ਇੱਕ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਵਿਧਾਇਕ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਗੰਦਗੀ ਅਤੇ ਬਦਬੂ ਕਾਰਨ ਇਸ ਸੜ੍ਹਕ ਤੋਂ ਲੰਘਣਾ ਮੁਸ਼ਕਿਲ ਸੀ।

ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਵਿੱਚ ਬਦਲਣ ਲਈ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਮੰਗਦਿਆ ਉਨ੍ਹਾਂ ਕਿਹਾ ਕਿ ਇਸ ਨਾਲੇ ਦੀ ਸਫ਼ਾਈ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਨਾਲੇ ਵਿੱਚੋਂ ਲਗਾਤਾਰ ਕੂੜਾ ਕੱਢਣ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ। ਦੂਜੇ ਪੜਾਅ ਵਿੱਚ ਭਾਖੜਾ ਨਹਿਰ ਵਿੱਚੋਂ ਸਾਫ਼ ਪਾਣੀ ਛੱਡ ਕੇ ਅੰਦਰਲੀ ਪਰਤ ਤੱਕ ਇਕੱਠੀ ਹੋਈ ਗੰਦਗੀ ਅਤੇ ਗਾਰ ਕੱਢ ਦਿੱਤੀ ਗਈ। ਬੁੱਢੇ ਨਾਲੇ ਨੂੰ ਦਰਿਆ ਵਿੱਚ ਬਦਲਣ ਅਤੇ ਸਫ਼ਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਕਤ ਮੋਬਾਈਲ ਟੀਮਾਂ 24 ਘੰਟੇ ਨਾਲੇ ’ਚ ਕੂੜਾ ਸੁੱਟਣ ਵਾਲੇ ਲੋਕਾਂ ’ਤੇ ਤਿੱਖੀ ਨਜ਼ਰ ਰੱਖਣਗੀਆਂ ਅਤੇ ਉਨ੍ਹਾਂ ਨੂੰ ਸਮਝਾਉਣਗੀਆਂ ਅਤੇ ਨਾਲੇ ਦੀ ਸਫ਼ਾਈ ਰੱਖਣ ਲਈ ਸਹਿਯੋਗ ਮੰਗਣਗੀਆਂ। ਜੇਕਰ ਫਿਰ ਵੀ ਲੋਕ ਕੂੜਾ ਸੁੱਟਣ ਤੋਂ ਬਾਜ ਨਹੀਂ ਆਉਂਦੇ ਤਾਂ ਨਗਰ ਨਿਗਮ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਦੇ ਹੋਏ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਨ ਲਈ ਮਜਬੂਰ ਹੋਵੇਗਾ।

ਵਿਧਾਇਕ ਬੱਗਾ ਵਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਦੋਵੇਂ ਪਾਸੇ ਸੜਕਾਂ ਅਤੇ ਗਰੀਨ ਬੈਲਟ ਬਣਾਉਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਮੁਕਤ ਬੁੱਢਾ ਦਰਿਆ ਅਤੇ ਸਾਫ ਸੁਥਰਾ ਵਿਧਾਨ ਸਭਾ ਉੱਤਰੀ ਦਾ ਵਾਤਾਵਰਣ ਉਨ੍ਹਾਂ ਦਾ ਚਿਰਾਂ ਤੋਂ ਚੱਲਿਆ ਆ ਰਿਹਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਧਾਇਕ ਕਾਰਜਕਾਲ ਦੌਰਾਨ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹਨ। ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਨਗਰ ਨਿਗਮ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Comments


Logo-LudhianaPlusColorChange_edited.png
bottom of page