ਲੁਧਿਆਣਾ, 8 ਅਪ੍ਰੈਲ
ਲੁਧਿਆਣਾ ਕੇਂਦਰੀ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਨੀਵਾਰ ਨੂੰ ਢੋਲੇਵਾਲ ਪੁਲ ਨੇੜੇ ਵਿਜੇ ਨਗਰ (ਵਾਰਡ ਨੰਬਰ 20) ਵਿੱਚ ਤਿੰਨ ਪਾਰਕਾਂ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਹ ਪ੍ਰੋਜੈਕਟ 83.10 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਵਿਧਾਇਕ ਪਰਾਸ਼ਰ ਨੇ ਵਾਰਡ ਨੰਬਰ 20 ਦੀ ਇੰਦਰਾ ਕਲੋਨੀ ਵਿੱਚ ਨਵੇਂ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਵੀ ਕੀਤਾ। ਇਹ ਟਿਊਬਵੈੱਲ 10.80 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਇਹ ਪਾਰਕ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਇਹ ਮਾਮਲਾ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਉਠਾਇਆ ਸੀ। ਵਿਜੇ ਨਗਰ ਇਲਾਕੇ ਦੇ ਵਸਨੀਕ ਇਹਨਾਂ ਤਿੰਨ ਪਾਰਕਾਂ ਵਿੱਚੋਂ ਇੱਕ ਪਾਰਕ ਵਿੱਚ 'ਛੱਠ ਪੂਜਾ' ਵੀ ਮਨਾਉਂਦੇ ਹਨ। ਪਾਰਕਾਂ ਦੇ ਨਵੀਨੀਕਰਨ ਲਈ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਇਲਾਕਾ ਨਿਵਾਸੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ, ਵਿਧਾਇਕ ਪਰਾਸ਼ਰ ਨੇ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਕੇਂਦਰੀ ਹਲਕੇ ਵਿੱਚ ਹੋਰ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ।
Comments