29/03/2024
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਆਪ ਆਗੂਆਂ ਦੁਆਰਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਧਮਕੀਆਂ ਦੇਣ ਅਤੇ ਵਿਧਾਇਕਾਂ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਵਾਲੇ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਜਾਖੜ ਨੇ ਕਿਹਾ ਕਿ ਇਹ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਕਿਸ ਵਿਅਕਤੀ ਨੇ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਸ ਵਿਅਕਤੀ ਨੂੰ ਪੈਸੇ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕੱਟੜ ਇਮਾਨਦਾਰੀ ਬੇਨਕਾਬ ਹੋ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਆਬਕਾਰੀ ਘੁਟਾਲੇ ਅਤੇ ਫਿਰ ਅਮਰੂਦ ਦੇ ਬਾਗ ਘੁਟਾਲੇ ਵਿਚ ਪੰਜਾਬ ਦੇ ਵਸੀਲਿਆਂ ਨੂੰ ਖੁੱਲ੍ਹੇਆਮ ਲੁੱਟਿਆ ਗਿਆ ਅਤੇ ਸੂਬੇ ਨੂੰ ਲੁੱਟਣ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਅਤੇ ਜ਼ਿਲ੍ਹਾ ਇੰਚਾਰਜਾਂ ਤੇ ਹੋਰ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਹਰੇਕ ਵਰਕਰ ਨੂੰ ਅਗਲੇ ਦੋ ਮਹੀਨਿਆਂ ਦੌਰਾਨ ਪਾਰਟੀ ਲਈ ਪੂਰਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਤਾਂ ਜੋ ਭਾਜਪਾ ਸਾਰੀਆਂ ਸੀਟਾਂ ਜਿੱਤ ਸਕੇ।
ਜਾਖੜ ਨੇ ਰਿੰਕੂ ਤੇ ਅੰਗੁਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਅਦ ਆਪ ਆਗੂਆਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਆਗੂਆਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕਮਾਂਡ, ਭਾਜਪਾ ਦੇ ਵਿਕਾਸ ਏਜੰਡੇ ਵਿਚ ਵਿਸ਼ਵਾਸ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਲੀਡਰਸ਼ਿਪ ਤੋ ਸਾਰੇ ਆਗੂ ਤੰਗ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਲੋਕ ਆਪ ਛੱਡਣਗੇ। ਜਾਖੜ ਦੀ ਮੌਜੂਦਗੀ ਵਿਚ ਭੋਆ ਵਿਧਾਨ ਸਭਾ ਤੋਂ 2022 ਚ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਰਾਕੇਸ਼ ਕੁਮਾਰ ਆਪਣੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਠਾਨਕੋਟ ਭਾਜਪਾ ਪ੍ਰਧਾਨ ਵਿਜੇ ਸ਼ਰਮਾ ਵੀ ਹਾਜ਼ਰ ਸਨ। ਇਸ ਮੌਕੇ ’ਤੇ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਭਾਜਪਾ ਵਿਚ ਸ਼ਾਮਲ ਹੋਏ।
Commentaires