ਲੁਧਿਆਣਾ , 15 ਜੁਲਾਈ
ਬੀਤੇ ਦਿਨੀਂ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਰਿਹਾਇਸ਼ ਬਸੰਤ ਐਵਨਿਊ ਵਿਖੇ ਵੱਡੀ ਗਿਣਤੀ ' ਚ ਸ਼ਰਾਰਤੀ ਅਨਸਰਾਂ ਨੇ ਵਾਰਡ ਨੰ : 34 ਅਧੀਨ ਪੈਂਦੇ ਮੁਹੱਲਾ ਈਸ਼ਰ ਨਗਰ ਵਿਖੇ ਰਾਤ ਨੂੰ ਲਗਪਗ 12 ਵਜੇ ਬਿਜਲੀ ਬੰਦ ਹੋ ਜਾਣ ਤੇ ਰੋਸ ਜ਼ਾਹਰ ਕਰਦਿਆਂ ਕੋਠੀ ਦੇ ਬਾਹਰ ਭਾਰੀ ਨਾਅਰੇਬਾਜ਼ੀ ਤੇ ਹੁੱਲੜਬਾਜ਼ੀ ਕੀਤੀ । ਇਸ ਦੀ ਸੂਚਨਾ ਜਿਸ ਤਰ੍ਹਾਂ ਹੀ ਇਲਾਕਾ ਐਕਸ਼ੀਅਨ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ । ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਘਟਨਾ ਸਥਾਨ ਤੇ ਭਾਰੀ ਪੁਲਿਸ ਫੋਰਸ ਭੇਜ ਕੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਉੱਥੋਂ ਖਦੇੜਿਆ ਗਿਆ । ਦੂਜੇ ਦਿਨ ਪੁਲਿਸ ਨੇ 40 - 45 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ । ਇਸ ਸਬੰਧੀ ਬੀਬੀ ਛੀਨਾ ਨੇ ਦੱਸਿਆ ਕਿ 11 ਜੁਲਾਈ ਨੂੰ ਹੀ ਈਸ਼ਰ ਨਗਰ ਵਾਸੀਆਂ ਨੇ ਮੈਨੂੰ ਲਿਖਤੀ ਤੌਰ ਤੇ ਇਕ ਲੈਟਰ ਦਿੱਤਾ ਸੀ । ਜਿਸ ਵਿੱਚ ਬਿਜਲੀ ਦੀ ਸਮੱਸਿਆ ਸਬੰਧੀ ਲਿਖਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਮੈਂ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ 66 ਲੱਖ ਦਾ ਪ੍ਰਾਜੈਕਟ ਪਾਸ ਹੋਇਆ ਹੈ । ਜਿਸ ਦਾ ਕੰਮ ਲਗਾਤਾਰ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਈਸ਼ਰ ਨਗਰ ਫੀਡਰ ਅਤੇ ਲੁਹਾਰਾ ਫੀਡਰ ਨੂੰ ਵੱਖ - ਵੱਖ ਕੀਤਾ ਗਿਆ ਹੈ । ਬਿਜਲੀ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਦਿਨ ਰਾਤ ਕੰਮ ਦੇ ਕਾਰਣ ਵੱਖ - ਵੱਖ ਇਲਾਕਿਆਂ ' ਚ ਬਿਜਲੀ ਕੁਝ ਸਮੇਂ ਲਈ ਬੰਦ ਕੀਤੀ ਜਾਂਦੀ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਐਕਸ਼ੀਅਨ ਨੂੰ ਕਿਹਾ ਹੈ ਕਿ ਉਹ ਸਵੇਰੇ 10 ਵਜੇ ਤੋਂ ਬਾਅਦ ਹੀ ਬਿਜਲੀ ਬੰਦ ਕਰਨ ਤਾਂ ਜੋ ਲੋਕ ਆਪਣਾ ਸਵੇਰ ਦਾ ਕੰਮਕਾਰ ਕਰ ਸਕਣ । ਬੀਬੀ ਛੀਨਾ ਨੇ ਦੱਸਿਆ ਕਿ ਜਦੋਂ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਪਤਾ ਚੱਲਿਆ ਕਿ ਸਾਡੇ ਵਿਰੁੱਧ ਪਰਚਾ ਦਰਜ ਹੋ ਗਿਆ ਹੈ ਤਾਂ ਉਹ ਮੋਹਤਬਰ ਵਿਅਕਤੀਆਂ ਦੇ ਕੋਲ ਗਏ । ਜਿਨ੍ਹਾਂ ਨੇ ਸ਼ਿਵ ਮੰਦਰ , ਈਸ਼ਰ ਨਗਰ ਵਿਖੇ ਮੈਨੂੰ ਬੁਲਾਇਆ । ਜਿੱਥੇ ਸਾਰੇ ਹੀ ਸ਼ਰਾਰਤੀ ਅਨਸਰਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਅੱਗੋਂ ਤੋਂ ਅਜਿਹੀ ਕੋਈ ਵੀ ਗਲਤੀ ਨਾ ਕਰਨ ਦਾ ਵਿਸ਼ਵਾਸ ਦਿਵਾਇਆ । ਖਚਾਖਚ ਭਰੇ ਮੰਦਿਰ ਦੇ ਪੰਡਾਲ ' ਚ ਬੀਬੀ ਛੀਨਾ ਨੂੰ ਇਲਾਕਾ ਵਾਸੀਆਂ ਵਲੋਂ ਮਹਾਂਮਾਈ ਦੀ ਚੁੰਨਰੀ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੀਬੀ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੂਸਰੇ ਦਿਨ ਹੀ ਪੁਲਿਸ ਕਮਿਸ਼ਨਰ ਨੂੰ ਮਿਲਕੇ ਕਹਿ ਦਿੱਤਾ ਸੀ ਕਿ ਬੱਚਿਆਂ ਕੋਲੋਂ ਗਲਤੀ ਹੋਈ ਹੈ , ਕੋਈ ਗੱਲ ਨਹੀਂ ਮੈਂ ਇਨ੍ਹਾਂ ਦਾ ਭਵਿੱਖ ਖ਼ਰਾਬ ਕਰਨਾ ਨਹੀਂ ਚਾਹੁੰਦੀ । ਇਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ । ਇਨ੍ਹਾਂ ਸੁਣਦੇ ਸਾਰ ਹੀ ਪੰਡਾਲ ' ਚ ਬੈਠੇ ਵਿਅਕਤੀਆਂ ਅਤੇ ਵੱਡੀ ਗਿਣਤੀ ' ਚ ਸ਼ਾਮਿਲ ਬੀਬੀਆਂ ਨੇ ਜੈਕਾਰੇ ਲਗਾਏ ਅਤੇ ਬੀਬੀ ਛੀਨਾ ਵੱਲੋਂ ਦਿਖਾਈ ਗਈ ਫ਼ਰਾਖ਼ਦਿਲੀ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਤੇ ਹਰਪ੍ਰੀਤ ਸਿੰਘ ਪੀ . ਏ , ਡਾ . ਜਸਬੀਰ ਸਿੰਘ ਵਾਰਡ ਪ੍ਰਧਾਨ , ਪ੍ਰਮਿੰਦਰ ਸਿੰਘ ਸੌਂਦ , ਚੇਤਨ ਥਾਪਰ , ਡੀ . ਸੀ ਗਰਗ , ਡਾ . ਕੁਲਦੀਪ ਸਿੰਘ ਖਹਿਰਾ , ਵਿੱਕੀ ਬੇਗੋਆਣਾ ਆਦਿ ਵੀ ਹਾਜ਼ਰ ਸਨ ।
Comments