ਲੁਧਿਆਣਾ, 22 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਅਤੇ ਰਾਜ ਪੱਧਰੀ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੀ ਸੋਮਿਆ ਗੁਪਤਾ ਨੇ ਮਾਪਿਆਂ, ਸ਼ਹਿਰ ਅਤੇ ਪੰਜਾਬ ਸੂਬੇ ਦਾ ਮਾਣ ਵਧਾਇਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ 2 ਗੋਲਡ ਮੈਡਲ ਜੇਤੂ ਸੋਮਿਆ ਗੁਪਤਾ ਦਾ ਉਸਦੇ ਘਰ ਜਾ ਕੇ ਸਨਮਾਨ ਕਰਨ ਮੌਕੇ ਕੀਤਾ।
ਵਿਧਾਇਕ ਸਿੱਧੂ ਵਲੋਂ ਸੋਮਿਆ ਗੁਪਤਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਗਾਮੀ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕੜੀ ਮਿਹਨਤ ਜਾਰੀ ਰੱਖਣ ਕਿਉਂਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜੀਅ ਤੋੜ ਮਿਹਨਤ ਕਰ ਰਹੀ ਹੈ ਜਿਸ ਦੇ ਸਦਕਾ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰੀਬ ਤਿੰਨ ਲੱਖ ਤੋਂ ਵੱਧ ਨੌਜਵਾਨ ਖਿਡਾਰੀ ਖੇਡਾਂ ਨਾਲ ਜੁੜੇ ਹਨ ਅਤੇ ਪੰਜਾਬ ਸਰਕਾਰ ਖਿਡਾਰੀਆਂ ਲਈ ਉੱਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਸਕਣ।
ਇਸ ਮੌਕੇ ਮੋਨਿਕਾ ਗੁਪਤਾ, ਰਜੀਵ ਗੁਪਤਾ, ਆਸ਼ੂਤੋਸ਼ ਗੁਪਤਾ, ਕੁਸਮ ਲੇਖੀ, ਵਿਨੇ ਨਾਗਪਾਲ, ਸੁਰਿੰਦਰ ਬਾਂਸਲ, ਵਿਨੇਪ੍ਰੀਤ ਕੌਰ, ਰੇਨੂ ਭਾਂਬਰੀ, ਪਾਇਲ ਅਤੇ ਕਰਿਤੀ ਵੀ ਮੌਜੂਦ ਸਨ।
Comments