ਲੁਧਿਆਣਾ, 06 ਫਰਵਰੀ
ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸੇਵਾ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਮੋਬਾਇਲ ਵੈਨ ਰਾਹੀਂ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਥਾਨਕ ਵਾਰਡ ਨੰਬਰ 34, ਗੁਰੂ ਨਾਨਕ ਕਲੋਨੀ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਲੋਂ ਵਸਨੀਕਾਂ ਨੂੰ ਮੋਬਾਇਲ ਕਲੀਨਿਕ ਰਾਹੀਂ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਜਰੂਰਤਾਂ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੋਬਾਇਲ ਕਲੀਨਿਕ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਮੋਬਾਇਲ ਦਫ਼ਤਰ ਵੈਨ ਤੋਂ ਬਾਅਦ ਹੁਣ ਨਵੀਂ ਪੁਲਾਂਘ ਪੁੱਟਦਿਆਂ ਡਾਕਟਰ ਲੋਕਾਂ ਦੇ ਘਰ-ਘਰ ਜਾ ਕੇ ਸਿਹਤ ਸਹੂਲਤਾਂ ਵੀ ਪ੍ਰਦਾਨ ਕਰ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਡ ਨੰਬਰ 34, ਗੁਰੂ ਨਾਨਕ ਕਲੋਨੀ ਵਿੱਚ ਮੋਬਾਇਲ ਦਫ਼ਤਰ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈ ਅਤੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ, ਜਿਨ੍ਹਾਂ ਵਲੋਂ ਮੌਕੇ 'ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ।
ਵਿਧਾਇਕ ਸਿੱਧੂ ਨੇ ਦੁਹਰਾਇਆ ਕਿ 'ਮੋਬਾਇਲ ਦਫ਼ਤਰ ਵੈਨ' ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਜੇਕਰ ਹਲਕਾ ਆਤਮ ਨਗਰ ਦਾ ਕੋਈ ਵੀ ਵਸਨੀਕ ਉਨ੍ਹਾਂ ਦੇ ਦਫ਼ਤਰ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੈ ਤਾਂ 24 ਘੰਟੇ ਕਿਸੇ ਵੀ ਸਮੇਂ ਉਨ੍ਹਾਂ ਦੇ ਮੋਬਾਇਲ ਨੰਬਰ 97818-00002 'ਤੇ ਆਪਣੀ ਸਮੱਸਿਆ ਦੱਸ ਸਕਦਾ ਹੈ ਅਤੇ ਮੋਬਾਇਲ ਵੈਨ ਰਾਹੀਂ ਤੁਰੰਤ ਲੋੜਵੰਦ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਮੋਬਾਇਲ ਕਲੀਨਿਕ ਰਾਹੀਂ ਵਸਨੀਕਾਂ ਨੂੰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
Comments