ਲੁਧਿਆਣਾ, 23 ਅਪ੍ਰੈਲ
ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਅੱਜ ਆਪਣੇ ਹਲਕੇ ਦੇ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕੀਤੀ ਅਤੇ ਇਨ੍ਹਾਂ ਮਸਲਿਆਂ ਦੇ ਨਿਪਟਾਰੇ ਸੰਬੰਧੀ ਚਰਚਾ ਕੀਤੀ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਧਾਇਕ ਭੋਲਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਹਲਕੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਜਾਣੂੰ ਕਰਵਾਇਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਖਾਸ ਤੌਰ 'ਤੇ ਹਲਕਾ ਪੂਰਬੀ ਦੇ ਵਸਨੀਕਾਂ ਦਾ ਐਨ.ਓ.ਸੀ. ਦੀ ਸਮੱਸਿਆ ਕਰਕੇ ਬਿਜਲੀ ਮੀਟਰਾਂ ਦਾ ਅਪਲਾਈ ਨਾ ਹੋਣਾ, ਬੰਦ ਪਈਆਂ ਰਜਿਸਟਰੀਆਂ ਬਾਰੇ, ਕੂੜੇ ਦੇ ਡੰਪ ਦੀ ਸਮੱਸਿਆ, ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਤਬਦੀਲ ਕਰਨ ਲਈ ਇਸ ਦੇ ਨਵੀਨੀਕਰਣ ਅਤੇ ਸੁੰਦਰੀਕਰਨ ਕਰਨ ਸਬੰਧੀ, ਹਲਕੇ ਵਿੱਚ ਵਿਕਦੇ ਨਸ਼ੇ ਅਤੇ ਥਾਣਿਆਂ ਵਿੱਚ ਫੋਰਸ ਦੀ ਕਮੀ ਵਰਗੇ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਬਾਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਵਿਚਾਰ ਚਰਚਾ ਕੀਤੀ।
ਵਿਧਾਇਕ ਭੋਲਾ ਨੇ ਕਿਹਾ ਮੁੱਖ ਮੰਤਰੀ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਬਹੁਤ ਸੰਜੀਦਗੀ ਨਾਲ ਸੁਣਿਆ ਤੇ ਜਲਦ ਨਿਪਟਾਰੇ ਤੇ ਹਰ ਸੰਭਵ ਸਹਿਯੋਗ ਦਾ ਵੀ ਭਰੋਸਾ ਦਿੱਤਾ।
ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਨੇ ਕਿਹਾ ਕਿ ਮੌਜੂਦਾ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਬੇਹੱਦ ਮਿਹਨਤੀ, ਇਮਾਨਦਾਰ, ਦੂਰਦਰਸ਼ੀ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਿਕ ਹਨ ਅਤੇ ਸੂਬੇ ਦੀ ਜਨਤਾ ਨੂੰ ਹਰ ਉਹ ਹੱਕ ਦਿਲਾਉਣਾ ਚਾਹੁੰਦੇ ਹਨ ਜਿਨ੍ਹਾਂ ਤੇ ਜਨਤਾ ਦਾ ਅਧਿਕਾਰ ਬਣਦਾ ਹੈ ਅਤੇ ਆਪਣੇ ਇਸ ਕਾਰਜ ਨੂੰ ਬੜੀ ਮਿਹਨਤ ਅਤੇ ਨਿਸਵਾਰਥ ਭਾਵ ਨਾਲ ਕਰ ਰਹੇ ਹਨ।
Comentários