01/02/2024
ਸਨਅਤਕਾਰਾਂ ਅਤੇ ਲੁਧਿਆਣਾ ਪੂਰਬੀ ਹਲਕੇ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ) ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਤਾਜਪੁਰ ਰੋਡ ਵਿਖੇ ਵੀਰਵਾਰ ਨੂੰ ਨਵੇਂ ਬਣੇ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ।
ਇਹ ਫਾਇਰ ਸਟੇਸ਼ਨ ਸ਼ਨੀ ਮੰਦਰ ਨੇੜੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਸਥਾਪਿਤ ਕੀਤਾ ਗਿਆ ਹੈ। ਪ੍ਰੋਜੈਕਟ ਦੀ ਕੁੱਲ ਲਾਗਤ 1.95 ਕਰੋੜ ਰੁਪਏ ਹੈ ਅਤੇ ਇਸ ਪ੍ਰੋਜੈਕਟ ਲਈ ਐਲ.ਆਈ.ਟੀ ਦੁਆਰਾ ਫੰਡ ਦਿੱਤੇ ਗਏ ਹਨ। ਵਿਧਾਇਕ ਗਰੇਵਾਲ ਨੇ ਇਸ ਮੌਕੇ ਫਾਇਰ ਸਟੇਸ਼ਨ ਦੇ ਅੰਦਰ ਬੂਟੇ ਵੀ ਲਗਾਏ।
ਸਟਾਫ ਦੇ ਨਾਲ ਦੋ ਮੌਜੂਦਾ ਫਾਇਰ ਟੈਂਡਰ ਤਾਜਪੁਰ ਰੋਡ ਫਾਇਰ ਸਟੇਸ਼ਨ 'ਤੇ ਤਾਇਨਾਤ ਕੀਤੇ ਗਏ ਹਨ ਅਤੇ ਐਲ.ਆਈ.ਟੀ ਪ੍ਰੋਜੈਕਟ ਦੇ ਤਹਿਤ ਦੋ ਹੋਰ ਫਾਇਰ ਟੈਂਡਰ ਖਰੀਦਣ ਲਈ ਕੰਮ ਕਰ ਰਿਹਾ ਹੈ।
ਫਾਇਰ ਕੰਟਰੋਲ ਰੂਮ 0161-101 ਨਾਲ ਸੰਪਰਕ ਕਰਨ ਤੋਂ ਇਲਾਵਾ ਸ਼ਹਿਰ ਵਾਸੀ ਹੁਣ ਐਮਰਜੈਂਸੀ ਸਮੇਂ ਤਾਜਪੁਰ ਰੋਡ ਫਾਇਰ ਸਟੇਸ਼ਨ ਨਾਲ ਇਸ ਨੰਬਰ (90566-94940) 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹਨ।
ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਤਾਜਪੁਰ ਰੋਡ 'ਤੇ ਫਾਇਰ ਸਟੇਸ਼ਨ ਵਿਕਸਤ ਕਰਨਾ ਹਲਕੇ ਦੇ ਵਸਨੀਕਾਂ ਅਤੇ ਉਦਯੋਗਪਤੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਕਿਉਂਕਿ ਤਾਜਪੁਰ ਰੋਡ, ਟਿੱਬਾ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿਚ ਹੌਜ਼ਰੀ/ਟੈਕਸਟਾਈਲ ਯੂਨਿਟ ਚੱਲ ਰਹੇ ਹਨ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇਕਰ ਤਾਜਪੁਰ ਰੋਡ ਜਾਂ ਆਸ-ਪਾਸ ਦੇ ਇਲਾਕਿਆਂ 'ਚ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਫਾਇਰ ਬ੍ਰਿਗੇਡ ਨੂੰ ਸੁੰਦਰ ਨਗਰ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤ ਹੋਰ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਸਨ। ਇਸ ਨਾਲ ਮਹੱਤਵਪੂਰਨ ਸਮੇਂ ਦੀ ਬਰਬਾਦੀ ਹੁੰਦੀ ਸੀ।
ਤਾਜਪੁਰ ਰੋਡ 'ਤੇ ਫਾਇਰ ਸਟੇਸ਼ਨ ਦੀ ਸਥਾਪਨਾ ਨਿਸ਼ਚਿਤ ਤੌਰ 'ਤੇ ਤਾਜਪੁਰ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਅੱਗ ਦੀ ਘਟਨਾ ਦੀ ਰਿਪੋਰਟ ਹੋਣ 'ਤੇ ਫਾਇਰ ਬ੍ਰਿਗੇਡ ਦੇ ਰਿਸਪੌਂਸ/ਪ੍ਰਤੀਕਿਰਿਆ ਸਮੇਂ ਨੂੰ ਘਟਾ ਦੇਵੇਗੀ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਫਾਇਰ ਸਟੇਸ਼ਨ 'ਤੇ ਦੋ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ ਅਤੇ ਐਲ.ਆਈ.ਟੀ ਇਸ ਫਾਇਰ ਸਟੇਸ਼ਨ ਲਈ ਦੋ ਹੋਰ ਫਾਇਰ ਟੈਂਡਰ ਖਰੀਦਣ ਲਈ ਵੀ ਕੰਮ ਕਰ ਰਿਹਾ ਹੈ।
ਵਿਧਾਇਕ ਗਰੇਵਾਲ ਨੇ ਅੱਗੇ ਕਿਹਾ ਕਿ ਲੁਧਿਆਣਾ ਪੂਰਬੀ ਹਲਕੇ ਵਿੱਚ ਬਿਜਲੀ ਗਰਿੱਡਾਂ ਦੀ ਸਥਾਪਨਾ, ਨਵੇਂ ਸਕੂਲਾਂ ਦੀ ਉਸਾਰੀ, ਸੜਕਾਂ ਦਾ ਪੁਨਰ ਨਿਰਮਾਣ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਹਲਕੇ ਵਿੱਚ ਸੱਤ ਮੁਹੱਲਾ ਕਲੀਨਿਕ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਖੋਲ੍ਹੇ ਜਾਣਗੇ। ਹਲਕੇ ਵਿੱਚ ਇੱਕ ‘ਸਕੂਲ ਆਫ਼ ਐਮੀਨੈਂਸ’ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਬਿਹਤਰੀ ਲਈ ਵਚਨਬੱਧ ਹੈ।
Comments