ਲੁਧਿਆਣਾ, 09 ਜੁਲਾਈ
ਲੁਧਿਆਣਾ ਸ਼ਹਿਰ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਦੇ ਆਗਾਮੀ ਮਲੇਸ਼ੀਆਂ ਕਰਾਟੇ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਲਈ ਹੋਣ ਵਾਲਾ ਖਰਚਾ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਐਨ.ਜੀ.ਓ. ਹੈਲਪਫੁਲ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਵਿਧਾਇਕ ਸਿੱਧੂ ਦੇ ਧਿਆਨ ਵਿੱਚ ਆਇਆ ਕਿ ਲੁਧਿਆਣਾ ਸ਼ਹਿਰ ਦੀਆਂ ਹੋਣਹਾਰ ਖਿਡਾਰਨਾਂ ਪੈਸਿਆਂ ਦੀ ਥੁੜ ਕਰਕੇ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਤੋਂ ਵਾਂਝੀਆਂ ਰਹਿ ਗਈਆਂ ਸਨ। ਉਨ੍ਹਾਂ ਤੁਰੰਤ ਇਸ ਮਸਲੇ 'ਤੇ ਪੈਰਵੀ ਕਰਦਿਆਂ ਐਨ.ਜੀ.ਓ. ਹੈਲਪਫੁਲ ਦੇ ਸਹਿਯੋਗ ਨਾਲ ਬੱਚੀਆਂ ਦੇ ਆਗਾਮੀ 02 ਤੋਂ 6 ਸਤੰਬਰ ਵਾਲੇ ਮਲੇਸ਼ੀਆ ਕਰਾਟੇ ਚੈਂਪਿਅਨਸ਼ਿਪ ਟੂਰ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ।
ਉਨ੍ਹਾਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਨੂੰ ਅੱਜ ਆਪਣੇ ਸਥਾਨਕ ਦਫ਼ਤਰ ਵਿਖੇ ਚੈਕ ਸਪੁਰਦ ਕੀਤਾ।
ਉਨ੍ਹਾਂ ਐਨ.ਜੀ.ਓ. ਹੈਲਪਫੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਪਹਿਲਕਦਮੀ ਲਈ ਸ਼ਹਿਰ ਦੀਆਂ ਹੋਰ ਗੈਰ-ਸਰਕਾਰੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਐਨ.ਜੀ.ਓ. ਹੈਲਪਫੁਲ ਦੇ ਨੁਮਾਇੰਦਿਆਂ ਦੇ ਨਾਲ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲੋ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਲੁਧਿਆਣਾ ਸ਼ਹਿਰ, ਆਪਣੇ ਪੰਜਾਬ ਸੂਬੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਇਸ ਤੋਂ ਇਲਾਵਾ ਬੱਚੇ ਖੇਡਾਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਦਿਆਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਉਭਰਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
댓글