google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਦੇਸ਼ ਭੇਜਣ ਦਾ ਰੈਕੇਟ ਚਲਾ ਰਹੇ ਨੇ ਟਰੈਵਲ ਏਜੰਟ, ਨਵੀਂ ਦਿੱਲੀ ਤੋਂ ਜਾਰੀ ਕੀਤੀਆਂ ਜਾਂਦੀਆਂ ਹਨ ਯਾਤਰੀਆਂ ਦੀਆਂ ਟਿਕਟਾਂ

18/01/2024

ਟਰੈਵਲ ਏਜੰਟਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਰੈਕੇਟ ਚਲਾਇਆ ਜਾ ਰਿਹਾ ਹੈ। ਸਾਰਾ ਰੈਕੇਟ ਦਿੱਲੀ ਤੋਂ ਹੀ ਚਲਾਇਆ ਜਾ ਰਿਹਾ ਹੈ। ਇੱਥੋਂ ਹੀ ਏਜੰਟ ਵਿਦੇਸ਼ ਜਾਣ ਵਾਲੇ ਲੋਕਾਂ ਲਈ ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾਉਂਦੇ ਹਨ। ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਵਿਦੇਸ਼ ਭੇਜਣ ਲਈ ਵੱਡਾ ਰੈਕੇਟ ਕੰਮ ਕਰ ਰਿਹਾ ਹੈ। ਇਸ ਪੂਰੇ ਰੈਕੇਟ ਵਿਚ ਗੁਜਰਾਤ, ਦਿੱਲੀ, ਮੁੰਬਈ ਤੋਂ ਇਲਾਵਾ ਦੁਬਈ ਦੇ ਏਜੰਟ ਵੀ ਇਕ-ਦੂਜੇ ਦੇ ਸੰਪਰਕ ਵਿਚ ਹਨ। ਹੁਣ ਤੱਕ ਦੀ ਜਾਂਚ ਵਿਚ ਪੰਜਾਬ ਤੇ ਗੁਜਰਾਤ ਵਿਚ ਸਭ ਤੋਂ ਵੱਧ ਏਜੰਟ ਦੱਸੇ ਜਾਂਦੇ ਹਨ ਜੋ ਲੋਕਾਂ ਨੂੰ ਆਪਣੇ ਚੁੰਗਲ ਵਿਚ ਫਸਾ ਰਹੇ ਹਨ। ਜਿਨ੍ਹਾਂ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਜਲਦੀ ਹੀ ਐੱਲਓਸੀ ਜਾਰੀ ਕਰਨ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਏਜੰਟ ਕਿਤੇ ਵੀ ਭੱਜ ਨਾ ਸਕਣ।ਅੰਮ੍ਰਿਤਸਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਏਜੰਟਾਂ ਨੇ ਦਸੰਬਰ ਮਹੀਨੇ ਵਿਚ ਤਿੰਨ ਵਾਰ ਕਈ ਲੋਕਾਂ ਨੂੰ ਫਲਾਈਟਾਂ ਰਾਹੀਂ ਅਮਰੀਕਾ ਭੇਜਿਆ ਹੈ ਜੋ ਕਿ ਬਹੁਤ ਗੰਭੀਰ ਜਾਂਚ ਦਾ ਵਿਸ਼ਾ ਹੈ।


ਜ਼ਿਕਰਯੋਗ ਹੈ ਕਿ 26 ਦਸੰਬਰ 2023 ਨੂੰ ਫਰਾਂਸ ਤੋਂ ਇਕ ਫਲਾਈਟ ਭਾਰਤ ਪਹੁੰਚੀ ਸੀ ਜਿਸ ਵਿਚ ਜ਼ਿਆਦਾਤਰ ਯਾਤਰੀਆਂ ਨੂੰ ਡਿਪੋਰਟ ਕਰ ਕੇ ਵਾਪਸ ਭੇਜ ਦਿੱਤਾ ਗਿਆ ਸੀ। ਇਸ ਫਲਾਈਟ ’ਚ 276 ਦੇ ਕਰੀਬ ਯਾਤਰੀ ਸਵਾਰ ਸਨ ਜਿਨ੍ਹਾਂ ’ਚੋਂ 200 ਦੇ ਕਰੀਬ ਪੰਜਾਬੀ ਅਤੇ 66 ਦੇ ਕਰੀਬ ਗੁਜਰਾਤੀ ਸਨ। ਅੰਮ੍ਰਿਤਸਰ ਦੇ ਕਰੀਬ 12 ਵਿਅਕਤੀ ਸਨ ਜਿਨ੍ਹਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਪਹਿਲਾਂ ਨਿਕਾਰਾਗੁਆ ਅਤੇ ਫਿਰ ਉਥੋਂ ਅਮਰੀਕਾ ਭੇਜਿਆ ਜਾਵੇਗਾ। ਇਹ ਫਲਾਈਟ 21 ਦਸੰਬਰ ਨੂੰ ਮੁੰਬਈ ਤੋਂ ਰਵਾਨਾ ਹੋਈ ਸੀ। ਤਕਨੀਕੀ ਖ਼ਰਾਬੀ ਕਾਰਨ ਜਦੋਂ ਇਹ ਫਰਾਂਸ ਪਹੁੰਚੀ ਤਾਂ ਚੈਕਿੰਗ ਦੌਰਾਨ ਕਈ ਲੋਕਾਂ ਦੇ ਵੀਜ਼ੇ ਫ਼ਰਜ਼ੀ ਪਾਏ ਗਏ ਜਿਸ ਤੋਂ ਬਾਅਦ ਇਸ ਫਲਾਈਟ ਨੂੰ ਡਿਪੋਰਟ ਕਰ ਦਿੱਤਾ ਗਿਆ। ਇਨ੍ਹਾਂ ਵਿਚ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਨੇ ਥਾਣਾ ਝੰਡੇਰ ਅਤੇ ਮਹਿਤਾ ਥਾਣਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਤਰਸੇਮ ਸਿੰਘ ਵਾਸੀ ਬਟਾਲਾ, ਸੰਧੂ ਅਤੇ ਤਰਸੇਮ ਸਿੰਘ ਵਾਸੀ ਬੁੱਟਰ ਸਿਵੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਹ ਤਿੰਨੇ ਏਜੰਟ ਵੀ ਇਸ ਰੈਕੇਟ ਦਾ ਵੱਡਾ ਹਿੱਸਾ ਹਨ। ਇਨ੍ਹਾਂ ਨੇ ਅੰਮ੍ਰਿਤਸਰ ਦੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਡੀਐੱਸਪੀ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਜਰਾਤ ਪੁਲਿਸ ਨੇ ਵੀ ਕਰੀਬ 14 ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Comentários


Logo-LudhianaPlusColorChange_edited.png
bottom of page