09/12/2023
ਸਰਕਾਰੀ ਸਕੂਲਾਂ ਦੇ 6ਵੀਂ ਜਮਾਤ ’ਚ ਪੜ੍ਹਦੇ ਵਿਦਿਆਰਥੀ ਵਿਦਿਅਕ ਟੂਰ ’ਤੇ ਜਾਣਗੇ। ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਇਸ ਪਹਿਲਕਦਮੀ ਤਹਿਤ 9.98 ਕਰੋੜ ਰੁਪਏ ਖ਼ਰਚ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਦਾ 19.9 ਲੱਖ ਵਿਦਿਆਰਥੀ ਲਾਭ ਲੈ ਸਕਣਗੇ। ਇਸ ਫੇਰੀ ਦੌਰਾਨ ਵਿਦਿਆਰਥੀ ਪੰਜਾਬ ਦੇ ਵਿਗਿਆਨਿਕ ਤੇ ਇਤਿਹਾਸਕ ਮਹੱਤਤਾ ਰੱਖਦੇ ਸਥਾਨਾਂ ਦੀ ਸੈਰ ਕਰਨਗੇ, ਜਿਸ ਨੂੰ 31 ਜਨਵਰੀ 2024 ਤਕ ਹਰ ਹਾਲ ’ਚ ਮੁਕੰਮਲ ਕਰਨ ਦੇ ਹੁਕਮ ਹਨ। ਐੱਸਸੀਈਆਰਟੀ ਦੇ ਡਾਇਰੈਕਟਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਢੁੱਕਵੇਂ ਵਾਹਨਾਂ/ਵੈਨਾਂ ਦੀ ਚੋਣ ਕੀਤੀ ਜਾਵੇ।
ਸੂਬਾ ਪੱਧਰੀ ਐਲਰੋਲਮੈਂਟ ਦੇ ਹਿਸਾਬ ਨਾਲ ਇਸ ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ ਵਿਦਿਅਕ ਫੇਰੀ ਲਈ ਸਭ ਤੋਂ ਵੱਧ 24 ਹਜ਼ਾਰ 671 ਵਿਦਿਆਰਥੀ ਲੁਧਿਆਣੇ ਨਾਲ ਸਬੰਧਤ ਹਨ।
ਵਿਦਿਅਕ ਸੈਰ-ਸਪਾਟੇ ਵਾਸਤੇ ਪ੍ਰਤੀ-ਵਿਦਿਆਰਥੀ 500 ਰੁਪਏ ਹੀ ਖ਼ਰਚ ਕੀਤੇ ਜਾ ਸਕਣਗੇ। ਇਸ ਰਾਸ਼ੀ ਨਾਲ ਵਿਦਿਆਰਥੀਆਂ ਨੂੰ ਚਾਹ-ਪਾਣੀ ,ਖਾਣਾ ਤੇ ਹੋਰ ਰਿਫ਼ਰੈਸ਼ਮੈਂਟ ਤੋਂ ਇਲਾਵਾ ਟਰਾਂਸਪੋਰਟ/ ਫੁੱਟਕਲ ਖ਼ਰਚ ਵਾਸਤੇ ਵਰਤਿਆ ਜਾ ਸਕੇਗਾ।
ਸਕੂਲ ਮੁੱਖੀਆਂ ਨੂੰ ਸੈਰ- ਸਪਾਟੇ ਦੀਆਂ ਜਗ੍ਹਾਵਾਂ ਦੇ ਨਾਂਅ ਵੀ ਭੇਜੇ ਗਏ ਹਨ। ਇਨ੍ਹਾਂ ਵਿਚ ਬੋਟੈਨੀਕਲ ਗਾਰਡਨ, ਚਿੜੀਆਘਰ, ਅਜਾਇਬ ਘਰ, ਜੰਗ-ਏ-ਆਜ਼ਾਦੀ, ਆਰਟ ਗੈਲਰੀ, ਡੈਮ ਤੇ ਪੁਰਾਤੱਤਵ ਸਥਾਨਾਂ ਨੂੰ ਚੁਣਿਆਂ ਗਿਆ ਹੈ। ਕਿਹਾ ਗਿਆ ਹੈ ਕਿ ਸੈਰ-ਸਪਾਟੇ ਤੋਂ ਬਾਅਦ ਵਿਦਿਆਰਥੀਆਂ ਨੂੰ ਸਮੇਂ ਸਿਰ ਘਰ ਪਹੁੰਚਾਇਆ ਜਾਵੇ। ਅਧਿਕਾਰੀਆਂ ਨੇ ਇਹ ਵੀ ਹਿਦਾਇਤ ਕੀਤੀ ਗਈ ਹੈ ਕਿ ਟੂਰ ਦੌਰਾਨ ਹਰੇਕ ਵਿਦਿਆਰਥੀ ਸਕੂਲ ਦੀ ਵਰਦੀ ’ਚ ਅਤੇ ਮੁੱਢਲੀ ਸਹਾਇਤਾ ਵਾਲੀ ਕਿੱਟ ਵੀ ਕੋਲ ਲਾਜ਼ਮੀ ਹੋਣੀ ਚਾਹੀਦੀ ਹੈ।
Comments