31/12/2023
ਪੰਜਾਬ ਦਾ ਸਿੱਖਿਆ ਵਿਭਾਗ ਕਲੰਡਰ ਸਾਲ-2023 ’ਚ ਵੱਡੇ ਐਲਾਨਾਂ ਤੇ ਪ੍ਰਾਪਤੀਆਂ ਕਰਕੇ ਚਰਚਾਵਾਂ ’ਚ ਰਿਹਾ। ਇਹ ਸਾਲ ਸਿੱਖਿਆ ਦੇ ਖੇਤਰ ’ਚ ਵੱਡੇ 23 ਫ਼ੈਸਲਿਆਂ ਕਰਕੇ ਯਾਦ ਕੀਤਾ ਜਾਵੇਗਾ। ਇਹ ਉਹ ਫ਼ੈਸਲੇ ਸਨ ਜਿਨ੍ਹਾ ਨੇ ਪੂਰੇ ਦੇਸ਼ ਦੀ ਨਿਗ੍ਹਾ ਪੰਜਾਬ ਸਰਕਾਰ ਵੱਲ ਖਿੱਚੀ। ਸਾਲ 2022 ’ਚ ਸਿਹਤ ਤੇ ਸਿੱਖਿਆ ’ਚ ਵੱਡੇ ਬਦਲਾਅ ਦੇ ਦਾਅਵੇ-ਵਾਅਦੇ ਕਰਕੇ ਸੱਤਾ ’ਚ ਆਮ ਆਦਮੀ ਪਾਰਟੀ ਨੇ 23 ਜਨਵਰੀ 2023 ਨੂੰ ਸੂਬੇ ’ਚ ‘ਸਕੂਲ ਆਫ਼ ਐਮੀਨੈਂਸ ਪ੍ਰੈਜੈਕਟ’ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ। ਤਿੰਨ ਮਹੀਨੇ ਪਹਿਲਾਂ 13 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਇਸ ਵੇਲੇ ਸੂਬੇ ’ਚ 117 ਸਕੂਲ ਚੱਲ ਰਹੇ ਹਨ ਜਿਨ੍ਹਾਂ ਵਿਚ ਦਾਖ਼ਲੇ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ ਹੋਣਗੇ। ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਅਕਾਦਮਿਕ ਕੰਮਾਂ ਨਾਲ ਜੋੜਨ ਲਈ ਸਕੂਲਾਂ ਵਿਚ ਪ੍ਰਸ਼ਾਸਨਿਕ ਕਾਰਜ ਲਈ ਨਵੀਂਆਂ ਭਰਤੀਆਂ ਵੀ ਕੀਤੀਆਂ ਤੇ ਵਿਰੋਧਤਾ ਖ਼ਤਮ ਕਰਨ ਲਈ ਕੱਚੇ ਟੀਚਰਾਂ ਨੂੰ ਪੱਕਾ ਵੀ ਕਰ ਦਿੱਤਾ। ਇਹ ਵੀ ਸੁਨੇਹਾ ਦਿੱਤਾ ਕਿ ਸਕੂਲਾਂ ਵਿਚ ਸਿਰਫ਼ ਪੜ੍ਹਾਈ ਦੇ ਕਾਰਜ ਹੋਣਗੇ ਲਈ ਸਕੂਲਾਂ ਦੇ ਹੋਰਨਾਂ ਕਾਰਜ ਦੇਖਣ ਲਈ ਕੈਂਪਸ ਮੈਨੈਜਰ ਪੱਧਰ ਦੇ ਅਧਿਕਾਰੀ ਭਰਤੀ ਕਰ ਲਏ।
12500 ਕੱਚੇ ਅਧਿਆਪਕ ਪੱਕੇ ਹੋਏ
ਪਿਛਲੇ ਦੋ ਦਹਾਕਿਆਂ ਤੋ ਪੱਕੀਆਂ ਸੇਵਾਵਾਂ ਨੂੰ ਉਡੀਕਦੇ ਕੱਚੇ ਅਧਿਆਪਕਾਂ ਨੂੰ ਜੁਲਾਈ 2023 ਵਿਚ ਪੰਜਾਬ ਸਰਕਾਰ ਨੇ ਪੱਕਾ ਕਰ ਦਿੱਤਾ। ਇਹ ਉਹ ਪਲ ਸਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਲੱਗ ਕੇ ਟੀਚਰ ਰੋ ਪਏ।
ਸਾਲਾਨਾ ਗੁਪਤ ਰਿਪੋਰਟਾਂ ਆਨਲਾਈਨ ਹੋਈਆਂ
23 ਨਵੰਬਰ 2023 ਨੂੰ ਸਕੱਤਰ ਸਕੂਲ ਸਿੱਖਿਆ ਨੇ ਚਿਰਾਂ ਤੋਂ ਚੱਲ ਰਿਹੇ ਹਾਰਡ ਕਾਪੀਆਂ ਵਾਲੇ ਸਾਲਾਨਾ ਗੁਪਤ ਰਿਪੋਰਟਾਂ ਲਿਖਣ ਦੇ ਕੰਮ ਬੰਦ ਕਰ ਦਿੱਤੇ। ਨਵੇਂ ਹੁਕਮਾਂ ਅਨੁਸਾਰ ਹੁਣ ਅਧਿਆਪਕਾਂ ਅਤੇ ਗ.ੈਰ ਵਿਦਿਅਕ ਅਮਲੇ ਦੀ ਏਸੀਆਰ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਆਈਐੱਚਆਰਐੱਮ ਪੋਰਟਲ ’ਤੇ ਹੀ ਪ੍ਰਵਾਨਿਤ ਹੋਣਗੀਆਂ ਇਸ ਤੋਂ ਪਹਿਲਾਂ ਸੀਨੀਅਰ ਅਫ਼ਸਰ ਏਸੀਆਰ ਗੁੰਮ ਕਰ ਦਿੰਦੇ ਸਨ ਜਾਂ ਇਹ ਫ਼ਾਈਲਾਂ ਗੁਆਚ ਹੀ ਜਾਂਦੀਆਂ ਸਨ।
ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵੀ ਵਰਦੀਆਂ
5 ਜੁਲਾਈ 2023 ਨੂੰ ਸਕੂਲ ਸਿੱਖਿਆ ਵਿਭਾਗ ਨੇ ਜਨਰਲ ਤੇ ਬੀਸੀ ਵਰਗ ਦੇ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ ਤਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਾ ਐਲਾਨ ਕਰ ਦਿੱਤਾ। ਇਸ ਨਾਲ ਜਨਰਲ ਟੀਚਰ ਯੂਨੀਅਨ ਦਾ ਰੋਸ ਵੀ ਦਬ ਗਿਆ ਤੇ ਸਰਕਾਰ ਨੇ ਪਹਿਲਕਦਮੀ ਵੀ ਦਿਖਾ ਦਿੱਤੀ।
ਆਵਾਜਾਈ ਦੀ ਕਿੱਲਤ ਰਹੀ ਤਾਂ ਸਕੂਲ ਬੱਸ ਸੇਵਾ ਹੋਈ ਸ਼ੁਰੂ
ਐਮੀਨੈਂਸ ਸਕੂਲਾਂ ਵਿਚ ਦਾਖ਼ਲੇ ਤਾਂ ਹੋ ਗਏ ਪਰ ਸਕੂਲ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਰਹੇ। ਬਠਿੰਡਾ ਜ਼ਿਲ੍ਹੇ ਦੀ ਸ਼ੁੱਭਦੀਪ ਨੇ ਇਕ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਦੇਸ਼ ਦਿੱਤਾ ਸੀ ਕਿ ਸਕੂਲ ਆਫ਼ ਐਮੀਨੈਂਸ ਬੰਗੀ ਕਲਾਂ ਵਿਖੇ ਟੈਸਟ ਪਾਸ ਕਰਕੇ ਦਾਖ਼ਲਾ ਲਿਆ ਸੀ ਪਰ ਸਕੂਲ ਦੂਰ ਹੋਣ ਕਰਕੇ ਉਹ ਪੜ੍ਹਾਈ ਜਾਰੀ ਨਹੀਂ ਕਰ ਸਕੇਗੀ। ਵਿਭਾਗ ਨੇ ਪ੍ਰਤੀ ਵਿਦਿਆਰਥੀ 80 ਫ਼ੀਸਦੀ ਗਰਾਂਟ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਤੇ ਤਿੰਨ ਕਿਲੋਮੀਟਰ ਦੂਰ ਰਹਿੰਦੇ ਸਾਰੇ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਦੇਣ ਦੀ ਹਦਾਇਤ ਦਿੱਤੀ।
ਸਫ਼ਾਈ ਤੇ ਸੁਰੱਖਿਆ ਲਈ 100 ਕਰੋੜ ਖ਼ਰਚਣ ਦਾ ਟੀਚਾ
ਸਾਲ 2023 ਵਿਚ ਹੀ 75 ਸਾਲ ਪੁਰਾਣਾ ਸਿੱਖਿਆ ਦਾ ਢਾਂਚਾ ਬਦਲਿਆ ਤੇ ਸਿੱਖਿਆ ਤੇ ਸਫ਼ਾਈ ਦੇ ਕਾਰਜਾਂ ਲਈ 100 ਕਰੋੜ ਰੁਪਏ ਖ਼ਰਚਣ ਦਾ ਟੀਚਾ ਰੱਖਿਆ ਗਿਆ। 2042 ਸਕੂਲਾਂ ’ਚ ਕੈਂਪਸ ਮੈਨੇਜਰ ਰੱਖਣ ਨੂੰ ਹਰੀ ਝੰਡੀ ਦਿੱਤੀ ਗਈ। ਇਸੇ ਸਕੀਮ ’ਚ 689 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ 1378 ਸੁਰੱਖਿਆ ਗਾਰਡ ਰੱਖੇ ਗਏ। ਸਫ਼ਾਈ ਲਈ 8284 ਸਕੂਲਾਂ ਵਿਚ ਸਫ਼ਾਈ ਕਾਮੇ ਰੱਖਣ ਦਾ ਕਾਰਜ ਵੀ ਮੁਕੰਮਲ ਕੀਤਾ ਗਿਆ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਰਕਾਰ ਸਫ਼ਾਈ ਕਾਰਜਾਂ ’ਤੇ 2 ਕਰੋੜ 89 ਲੱਖ 5 ਹਜ਼ਾਰ ਰੁਪਏ ਖ਼ਰਚ ਕਰਨ ਦਾ ਐਲਾਨ ਵੀ ਹੋਇਆ ਤੇ ਸਤੰਬਰ 2023 ਤੋਂ ਮਾਰਚ 2024 ਤਕ ਪੰਜਾਬ ਦੇ 8284 ਸਰਕਾਰੀ ਸਕੂਲਾਂ ਵਿਚ 20 ਕਰੋੜ 26 ਲੱਖ 5 ਹਜ਼ਾਰ ਰੁਪਏ ਸਫਾਈ ਕਾਰਜਾਂ ’ਤੇ ਖ਼ਰਚ ਕਰਨ ਦਾ ਟੀਚਾ ਰੱਖਿਆ।
ਹੈੱਡਮਾਸਟਰ ਤੇ ਪਿ੍ਰੰਸੀਪਲਾਂ ਦੇ ਵਿਦਿਅਕ ਟੂਰ
ਸਾਲ 2023 ਦੇ ਫਰਵਰੀ ਮਹੀਨੇ ਵਿਚ ਪਿ੍ਰੰਸੀਪਲਾਂ ਦਾ ਪਹਿਲਾ ਬੈਚ ਵਿਦੇਸ਼ੀ ਵਿਦਿਅਕ ਫੇਰੀ ਲਈ ਰਵਾਨਾ ਹੋਇਆ। ਇਸੇ ਟੂਰ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਪਿ੍ਰੰਸੀਪਲਾਂ 4 ਗਰੁੱਪ ਸਿੰਗਾਪੁਰ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ 50-50 ਹੈੱਡਮਾਸਟਰਾਂ ਦੇ ਦੋ ਬੈਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਸਾਇੰਸ ਤੇ ਤਕਨਾਲੋਜੀ ਦੀ ਸਿੱਖਿਆ ਹਾਸਲ ਕਰਨ ਲਈ ਭੇਜੇ ਗਏ।
ਵਿਦਿਆਰਥੀਆਂ ਲਈ ਚਲਾਇਆ ਬਿਜਨਸ ਬਲਾਸਟਰ ਪ੍ਰੋਗਰਾਮ
ਨੌਜਵਾਨਾਂ ਵਿੱਚ ਵਪਾਰ ਸਬੰਧੀ ਨਵੀਨਤਾ ਅਤੇ ਉੱਦਮਤਾ ਦਾ ਗੁਣ ਪੈਦਾ ਕਰਨ ਲਈ ‘ਪੰਜਾਬ ਨੌਜਵਾਨ ਉੱਦਮੀ ਯੋਜਨਾ’ (ਬਿਜਨਸ ਬਲਾਸਟਰ ਪ੍ਰੋਗਰਾਮ) ਸ਼ੁਰੂ ਹੋਇਆ। ਇਸ ਤਹਿਤ ਕੁੱਲ 3230 ਵਿਦਿਆਰਥੀਆਂ ਨੂੰ ਪ੍ਰਤੀ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਤੇ ਉਨ੍ਹਾਂ ਨੂੰ ਵਪਾਰ ਦੇ ਨਵੇਂ ਸਾਧਨ ਤਲਾਸ਼ਣ, ਬਿਜਨਸ ਪੈਦਾ ਕਰਨ ਦੇ ਸਾਧਨ ਬਣਾਉਣ ਲਈ ਨਵੇਂ ਵਿਚਾਰ ਵਿਕਸਤ ਕਰਨ ਦਾ ਮੌਕਾ ਮਿਲਿਆ।
6443 ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਪਗੇ੍ਰਡ
ਸਾਲ 2023 ਵਿਚ ਹੀ ਸਕੂਲਾਂ ਦਾ ਬੁਨਿਆਦੀ ਢਾਂਚਾ ਅਪਗੇ੍ਰਡ ਤੇ ਨਵੀਆਂ ਉਸਾਰੀਆਂ ਲਈ 251.88 ਕਰੋੜ ਦੀ ਗ੍ਰਾਂਟ ਜਾਰੀ ਹੋਈ। ਇਸੇ ਗ੍ਰਟਾਂ ਦੀ ਸਹਾਇਤਾ ਨਾਲ 2 848 ਸਕੂਲਾਂ ਵਿੱਚ 3 ਲੱਖ 32 ਹਜ਼ਾਰ 900 ਮੀਟਰ ਨਵੀਂ ਚਾਰਦੀਵਾਰੀਆਂ ਬਣਾਉਣ ਦਾ ਰਾਹ ਪੱਧਰਾ ਕੀਤਾ ਗਿਆ।
2012 ਸਕੂਲਾਂ ’ਚ ਚੌਕੀਦਾਰ ਹੋਣਗੇ ਭਰਤੀ
ਸਾਲ 2023 ਵਿਚ ਹੀ ਸਿੱਖਿਆ ਵਿਭਾਗ ਨੇ 2012 ਸਕੂਲਾਂ ਵਿਚ ਚੌਕੀਦਾਰ ਰੱਖਣ ਦੇ ਹੁਕਮ ਜਾਰੀ ਕੀਤੇ। ਇਸ ਕੰਮ ਲਈ ਹਰੇਕ ਸਕੂਲ ਨੂੰ 5 ਹਜ਼ਾਰ ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰਨ ਐਲਾਨ ਹੋਇਆ ਜਿਸ ਵਾਸਤੇ 1 ਕਰੋੜ 6 ਲੱਖ ਰੁਪਏ ਮਹੀਨਾ ਵਿੱਤੀ ਸਹਾਇਤਾ ਦੇ ਰੂਪ ਵਿਚ ਪ੍ਰਦਾਨ ਕਰੇਗੀ ਸਤੰਬਰ ਤੋਂ ਮਾਰਚ 2024 ਤਕ ਚੌਕੀਦਾਰਾਂ ਦੀ ਤਨਖ਼ਾਹ ’ਤੇ ਪੰਜਾਬ ਸਰਕਾਰ ਨੇ 70 ਕਰੋੜ 4 ਲੱਖ 2 ਹਜ਼ਾਰ ਰੁਪਏ ਖ਼ਰਚ ਕਰਨ ਦਾ ਟੀਚਾ ਰੱਖਿਆ ਗਿਆ।
ਸਿੱਖਿਆ ਮੰਤਰੀ ਦਾ ਵਿਦਿਆਰਥੀਆਂ ਨਾਲ ਰਾਬਤਾ
ਸਾਲ 2023 ਵਿਚ ਪੂਰਾ ਵਰ੍ਹਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਸਕੂਲਾਂ ਵਿਚ ਵਿਦਿਆਰਥੀਆਂ ਨਾਲ ਰਾਬਤਾ ਕਰਦੇ ਰਹੇ। ਇਸ ਤਹਿਤ ਉਨ੍ਹਾ ਦੇ ਧਿਆਨ ਵਿਚ ਆਇਆ ਕਿ ਸਕੂਲਾਂ ਵਿਚ ਬੈਂਚ ਨਹੀਂ ਜਾਂ ਕਿਤਾਬਾਂ ਨਹੀਂ। ਵਿਦਿਆਰਥੀਆਂ ਨੂੰ ਖ਼ੁਦ ਪੰਜਾਬੀ ਤੇ ਅੰਗਰੇਜ਼ੀ ਪੜ੍ਹਾ ਕੇ ਦੇਖੀ ਤਾਂ ਮੋਹਾਲੀ ਦੇ ਦੋ ਈਟੀਟੀ ਅਧਿਆਪਕਾਂ ਨੂੰ ਮੁਅੱਤਲ ਵੀ ਕੀਤਾ ਗਿਆ।
ਬਲਾਕ ਤੇ ਜ਼ਿਲ੍ਹਾ ਮੈਂਟਰ ਸਕੂਲਾਂ ’ਚ ਭੇਜੇ
30 ਮਾਰਚ 2023 ਨੂੰ ਸਿੱਖਿਆ ਮੰਤਰੀ ਦੇ ਹੁਕਮਾਂ ’ਤੇ ਡੀਜੀਐੱਸਈ ਨੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ (ਸੈਕੰਡਰੀ ਸਿੱਖਿਆ ਵਿਭਾਗ) ਵਿੱਚ ਤੈਨਾਤ ਸਾਇੰਸ, ਗਣਿਤ ਅਤੇ ਅੰਗਰੇਜੀ/ਸਮਾਜਿਕ ਸਿੱਖਿਆ ਵਿਸ਼ਿਆਂ ਦੇ 680 ਬਲਾਕ ਅਤੇ 69 ਜ਼ਿਲ੍ਹਾ ਮੈਂਟਰ ਨੂੰ ਪੈਤ੍ਰਿਕ ਸਕੂਲਾਂ ਵਿੱਚ ਹਾਜ਼ਰ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਅਧਿਆਪਕ ਲੰਬੇ ਸਮੇਂ ਤੋਂ ਫ਼ੀਲਡ ਵਿਚ ਇਨ੍ਹਾ ਵਿਸ਼ਿਆਂ ਦਾ ਕੰਮ ਕਰ ਰਹੇ ਸਨ।
8 ਵਿਦਿਆਰਥਣਾ ਜਾਪਾਨ ਦੌਰ ’ਤੇ ਭੇਜੀਆਂ
5 ਦਸੰਬਰ 2023 ਨੂੰ ਐੱਸਸੀਈਆਰਟੀ ਨੇ ਸੂਬੇ ਦੀਆਂ ਸਾਇੰਸ ਵਿਸ਼ੇ ਨਾਲ ਸਬੰਧਤ ਗਿਆਰ੍ਹਵੀਂ ਜਮਾਤ ਦੀਆਂ 8 ਵਿਦਿਆਰਥੀਣਾਂ ਨੂੰ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਭੇਜਣ ਦੇ ਹੁਕਮ ਦਿਤੇ।
ਛੇਵੀਂ ਜਮਾਤ ਦੇ 19.9 ਲੱਖ ਵਿਦਿਆਰਥੀਆਂ ਨੂੰ ਟੂਰ
ਦਸੰਬਰ 2023 ਵਿਚ ਐੱਸਸੀਈਆਰਟੀ ਨੇ ਸੂਬੇ ਦੇ ਛੇਵੀਂ ਜਮਾਤ ’ਚ ਪੜ੍ਹਦੇ 19.9 ਲੱਖ ਵਿਦਿਆਰਥੀਆਂ ਨੂੰ ਇਤਿਹਾਸਕ ਤੇ ਵਿਦਿਅਕ ਟੂਰ ਕਰਨਗੇ। ਇਸ ਕੰਮ ਲਈ 9 ਕਰੋੜ 98 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ।
ਮਿੱਡ ਡੇ ਮੀਲ ਮੀਨੂੰ ’ਤੇ ਵਿਵਾਦ
ਸਾਲ ਦੀ ਅਖ਼ੀਰਲੀ ਪਾਰੀ ’ਚ ਵਿਭਾਗ ਨੇ ਮਿੱਡ ਡੇ ਮੀਲ ਮੀਨੂੰ ਵਿਚ ਵਿਦਿਆਰਥੀਆਂ ਨੂੰ ਮੀਨੂੰ ਵਿਚ ਇਕ ਸਮੇਂ ਛੋਲੇ ਪੂੜੀਆਂ ਤੇ ਕੇਲਾ ਦੇਣ ਦਾ ਹੁਕਮ ਜਾਰੀ ਕਰ ਦਿੱਤਾ। ਇਸ ਗੱਲ ’ਤੇ ਜਥੇਬੰਦੀਆਂ ਨੇ ਇਤਰਾਜ਼ ਕੀਤਾ ਹੈ ਕਿਉਂਕਿ ਕੁਕਿੰਗ ਕੌਸਟ ਜ਼ਿਆਦਾ ਹੋ ਰਹੀ ਸੀ।
ਫ਼ੈਸਲੇ ਜੋ ਬਦਲਨੇ ਪਏ
117 ਸਕੂਲ ਆਫ਼ ਐਮੀਨੈਂਸ ਵਿਚ 6ਵੀਂ ਤੋਂ 8ਵੀਂ ਜਮਾਤ ਦੇ ਦਾਖ਼ਲੇ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਯੂਨੀਅਨਾਂ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ ਤਾਂ ਇਹ ਫ਼ੈਸਲਾ ਵਾਪਿਸ ਲੈਣਾ ਪਿਆ। ਇਸ ਤੋਂ ਬਾਅਦ ਇਨ੍ਹਾਂ ਸਕੂਲਾਂ ਵਿਚ 179 ਅਧਿਆਪਕਾਂ ਦੀ ਦੀਆਂ ਬਦਲੀਆਂ ਕਰਨ ਦਾ ਫ਼ੈਸਲਾ ਤਾਂ ਲੈ ਲਿਆ ਪਰ ਵਿਰੋਧਤਾ ਹੋਈ ਤਾਂ ਵਾਪਸ ਲੈਣਾ ਪਿਆ।
ਵਿਰੋਧਤਾ ਤਾਂ ਹੋਈ ਪਰ ਧਰਨੇ ਘਟੇ
ਸਾਲ 2023 ਵਿਚ ਸਿੱਖਿਆ ਵਿਭਾਗ ਦੀ ਵਿਰੋਧਤਾ ਤਾਂ ਹੋਈ ਵੀ ਪਰ ਸਾਲ ਵਿਚ 20 ਵਾਰ ਲੱਗਣ ਵਾਲੇ ਜਥੇਬੰਦੀਆਂ ਦੇ ਧਰਨੇ ਇਸ ਘੱਟ ਹੀ ਰਹੇ। ਬੇਸ਼ੱਕ ਸਰਕਾਰੀ ਟੀਚਰਾਂ ਦੀ ਏਡਿਡ ਸਕੂਲਾਂ ’ਚ ਡਿਊਟੀ ਲਗਾਉਣ ਤੇ ਜਥੇਬੰਦੀ ਨੇ ਇਤਰਾਜ਼ ਕੀਤਾ। ਇਸ ਤੋਂ ਇਲਾਵਾ 228 ’ਚੋਂ 111 ਬਲਾਕਾਂ ਵਿਚ ਬੀਪੀਈਓ ਅਸਾਮੀਆਂ (49 ਫ਼ੀਸਦੀ) ਦੇ ਖ਼ਾਲੀ ਹੋਣ ’ਤੇ ਵੀ ਯੂਨੀਅਨਾਂ ਨੇ ਪੂਰਾ ਰੌਲ਼ਾ ਪਾਇਆ । ਇਸੇ ਤਰ੍ਹਾਂ ਵਿਦਿਆਰਥੀਆਂ ਤੋਂ ਮੱਛਰ ਦਾ ਲਾਰਵਾ ਚੈੱਕ ਕਰਵਾਉਣ ਦੇ ਸਵਾਲਾਂ ਨੇ ਵਿਭਾਗ ਨੂੰ ਚਰਚਾ ਰੱਖਿਆ। ਇਸੇ ਤਰ੍ਹਾਂ ਹੈੱਡ ਮਾਸਟਰਾਂ ਪਾਸੋਂ ਇਮਾਰਤਾਂ ਦੀ ਜਾਂਚ ਕਰਵਾਉਣ ਤੇ ਖ਼ਸਤਾ ਹਾਲ ਇਮਾਰਤਾਂ ਦੇ ਵੇਰਵੇ ਮੰਗਣ ਦੇ ਫ਼ੈਸਲੇ ਨੇ ਵੀ ਵਿਭਾਗ ਦੀ ਖਿੱਲੀ ਉਡਾਈ।
Comments