29/05/2024
ਬਠਿੰਡਾ ਸ਼ਹਿਰ ਵਿਚ ਇਕ ਅਜਿਹਾ ਘਰ ਹੈ ਜਿੱਥੇ 86 ਵੋਟਾਂ ਹਨ। ਇਸ ਵਿਚ ਦਿਲਚਸਪ ਪਹਿਲੂ ਇਹ ਹੈ ਕਿ ਜਿਸ ਘਰ ਵਿਚ ਇਹ 86 ਵੋਟਾਂ ਬਣੀਆਂ ਹਨ, ਉਸ ਘਰ ਵਿਚ ਸਿਰਫ਼ ਚਾਰ ਲੋਕ ਰਹਿੰਦੇ ਹਨ, ਜਦੋਂਕਿ ਬਾਕੀ 81 ਹੋਰ ਵਿਅਕਤੀਆਂ ਦੀਆਂ ਵੋਟਾਂ ਉਸੇ ਮਕਾਨ ਨੰਬਰ ’ਤੇ ਦਰਜ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵੋਟਾਂ ਨੂੰ ਬਣਿਆਂ ਕਾਫੀ ਸਮਾਂ ਹੋ ਗਿਆ ਹੈ ਪਰ ਅੱਜ ਤਕ ਕੋਈ ਹੱਲ ਨਹੀਂ ਨਿਕਲਿਆ। ਵੋਟਰ ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਕੇ ਵੋਟਾਂ ਸਹੀ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਅਜੇ ਤਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਜਿਸ ਵਿਅਕਤੀ ਦੇ ਮਕਾਨ ਨੰਬਰ ’ਤੇ ਹੋਰ ਲੋਕਾਂ ਦੀਆਂ ਵੋਟਾਂ ਦਰਜ ਕੀਤੀਆਂ ਗਈਆਂ ਹਨ, ਉਸ ਨੂੰ ਅਲੱਗ ਪਰੇਸ਼ਾਨ ਹੋਣਾ ਪੈ ਰਿਹਾ ਹੈ।
ਬਠਿੰਡਾ ਦੀ ਧੋਬੀਆਣਾ ਬਸਤੀ ਨੇੜੇ ਪ੍ਰੀਤ ਨਗਰ ਦੀ ਗਲੀ ਨੰਬਰ 15/1 ਵਿਚ ਮਕਾਨ ਨੰਬਰ 22856 ਸਥਿਤ ਹੈ ਜਿਨ੍ਹਾਂ ਦੇ ਪਤੇ ’ਤੇ ਉਕਤ ਵੋਟਾਂ ਦਰਜ ਹਨ। ਵੋਟਾਂ ਪਾਉਣ ਸਮੇਂ ਪਹਿਲੀਆਂ 23 ਵੋਟਾਂ ਮਕਾਨ ਨੰਬਰ 22856 ’ਤੇ ਦਰਜ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਮਕਾਨ ਨੰਬਰ 22856/1 ਤੋਂ 22856/13 ਤੱਕ ਹੋਰ ਵੋਟਾਂ ਬਣਾ ਦਿੱਤੀਆਂ ਗਈਆਂ। 2024 ਦੀ ਨਵੀਂ ਜਾਰੀ ਕੀਤੀ ਵੋਟਰ ਸੂਚੀ ਦੀ ਸੂਚੀ ਨੰਬਰ 77 ਵਿਚ ਇਹ ਵੋਟਾਂ 593 ਤੋਂ 678 ਤੱਕ ਦਰਜ ਹਨ। ਇਸ ਤੋਂ ਇਲਾਵਾ ਮਕਾਨ ਨੰਬਰ 22855 ਵਿਚ ਵੀ 18 ਵੋਟਾਂ ਹਨ ਜਦੋਂਕਿ ਇੱਕੋ ਮਕਾਨ ਨੰਬਰ ਦੇ ਪਤੇ ’ਤੇ ਇੰਨੀਆਂ ਵੋਟਾਂ ਬਣਨ ਕਾਰਨ ਮਕਾਨ ਮਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਵੋਟਿੰਗ ਸਮੇਂ ਲੋਕ ਉਨ੍ਹਾਂ ਦੇ ਪਤੇ ’ਤੇ ਆ ਕੇ ਪੁੱਛਗਿੱਛ ਕਰਦੇ ਹਨ। ਜੇ ਕੋਈ ਵਿਅਕਤੀ ਬੈਂਕ ਤੋਂ ਕਰਜ਼ਾ ਲੈਂਦਾ ਹੈ ਜਾਂ ਕੋਈ ਜੁਰਮ ਕਰਦਾ ਹੈ ਤਾਂ ਬੈਂਕ ਕਰਮਚਾਰੀ ਜਾਂ ਪੁਲਿਸ ਉਸ ਦੇ ਘਰ ਆ ਕੇ ਪੁੱਛਗਿੱਛ ਕਰਦੀ ਹੈ। ਇਸ ਸਬੰਧੀ ਉਹ ਕਈ ਵਾਰ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ।
ਇਹ ਜਾਣਨ ਲਈ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ ਤਾਂ ਉਕਤ ਮਕਾਨ ਵਿਚ ਚਾਰ ਵੋਟਰ ਰਹਿ ਰਹੇ ਹਨ। ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਦੇ ਨੰਬਰ ’ਤੇ ਵੋਟਾਂ ਦਰਜ ਹੋਣ ’ਚ ਕਿਸ ਦਾ ਕਸੂਰ ਹੈ। ਇੱਥੋਂ ਤੱਕ ਕਿ ਬਾਕੀ ਸਾਰੇ ਲੋਕਾਂ ਦੇ ਦਸਤਾਵੇਜ਼ ਵੀ ਉਨ੍ਹਾਂ ਦੇ ਘਰ ਦੇ ਨੰਬਰਾਂ ’ਤੇ ਹਨ। ਹਾਲਾਂਕਿ 2021 ਦੀਆਂ ਨਗਰ ਨਿਗਮ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਦਾ ਪਹਿਲਾਂ ਹੀ ਉਠ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਸ ਦਾ ਹੱਲ ਨਾ ਹੋਣਾ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਜਿਨ੍ਹਾਂ ਲੋਕਾਂ ਦੀਆਂ ਉਕਤ ਮਕਾਨ ਨੰਬਰ ਲਾ ਕੇ ਵੋਟਾਂ ਬਣੀਆਂ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੇ ਰਹਿੰਦੇ ਵੀ ਨਹੀਂ ਹਨ। ਇੱਥੋਂ ਤੱਕ ਕਿ ਹਰ ਵਾਰ ਚੋਣਾਂ ਦੌਰਾਨ ਸੱਤਾ ਵਿਚ ਆਈ ਪਾਰਟੀ ਮਸਲੇ ਹੱਲ ਕਰਨ ਦੇ ਵਾਅਦੇ ਕਰਦੀ ਹੈ ਪਰ ਬਾਅਦ ਵਿਚ ਸਭ ਕੁਝ ਭੁੱਲ ਜਾਂਦਾ ਹੈ।
ਇਸ ਸਬੰਧੀ ਐੱਸਡੀਐੱਮ ਕਮ ਸਹਾਇਕ ਰਿਟਰਨਿੰਗ ਅਫ਼ਸਰ ਬਠਿੰਡਾ ਸ਼ਹਿਰੀ ਇਨਾਇਤ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਇਸ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।
コメント