ਜਗਰਾਉਂ (ਲੁਧਿਆਣਾ), 09 ਜੁਲਾਈ
ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ 'ਤੇ ਨਕੇਲ ਪਾਉਣ ਦੇ ਮੰਤਵ ਨਾਲ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਅੱਜ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਵਿੱਚ ਇੱਕ ਤਾਲਮੇਲ ਨਾਲ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ.
ਇਸ ਮੰਤਵ ਲਈ ਗਠਿਤ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਦੁਆਰਾ ਕੀਤਾ ਗਿਆ ਤਲਾਸ਼ੀ ਅਭਿਆਨ ਪੰਜਾਬ ਪੁਲਿਸ ਵੱਲੋਂ ਸਾਡੇ ਸੂਬੇ ਦੇ ਚਿਹਰੇ ਤੋਂ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਹੈ, ਜਿਸ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਸ੍ਰੀ ਦੀਪਕ ਹਿਲੋਰੀ ਨੇ ਕੀਤੀ। ਮੁਹਿੰਮ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਖੁਲਾਸਾ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਹਿਲੋਰੀ ਨੇ ਦੱਸਿਆ ਕਿ ਸਬ ਡਵੀਜ਼ਨ ਜਗਰਾਓਂ ਦੇ ਸਿੱਧਵਾਂ ਬੇਟ ਥਾਣੇ ਅਧੀਨ ਪੈਂਦੇ ਪਿੰਡ ਮਲਸੀਹਾ ਬਾਜਾਂ ਅਤੇ ਬਸਤੀ ਖੌਲਿਆਂ ਵਾਲਾ ਪੁਲ ਨੂੰ 225 ਪੁਲਿਸ ਮੁਲਾਜ਼ਮਾਂ ਦੀ ਟੀਮ ਵੱਲੋਂ ਬਾਅਦ ਦੁਪਹਿਰ 3 ਵਜੇ ਚੱਲੇ ਛੇ ਘੰਟੇ ਦੀ ਮੁਹਿੰਮ ਦੌਰਾਨ ਖੰਗਾਲਿਆ ਗਿਆ।
ਇਸ ਮੌਕੇ ਡੀ.ਆਈ.ਜੀ. ਨੀਲੰਬਰੀ ਜਗਦਲੇ, ਸਾਈਬਰ ਕ੍ਰਾਈਮ ਪੰਜਾਬ ਨਿੱਜੀ ਤੌਰ 'ਤੇ ਮੌਜੂਦ ਸਨ ਅਤੇ ਇਸ ਕਾਰਵਾਈ ਲਈ ਨਿਗਰਾਨ ਇੰਚਾਰਜ ਵੀ ਸਨ।
ਇਸ ਮੁਹਿੰਮ ਨੂੰ ਅੰਜ਼ਾਮ ਦੇਣ ਵਾਲੀ ਵਿਸ਼ੇਸ਼ ਟੀਮ ਵਿੱਚ 3 ਐਸ.ਪੀ. ਰੈਂਕ ਦੇ ਅਧਿਕਾਰੀ, 6 ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ 210 ਪੁਲਿਸ ਮੁਲਾਜ਼ਮ ਸ਼ਾਮਲ ਸਨ।
ਐਸ.ਐਸ.ਪੀ. ਨੇ ਦੱਸਿਆ ਕਿ 235 ਵਾਹਨਾਂ ਤੋਂ ਇਲਾਵਾ 450 ਦੇ ਕਰੀਬ ਘਰਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਇਹ ਤਲਾਸ਼ੀ ਅਭਿਆਨ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।
Comments