17/01/2024
ਫੋਕਲ ਪੁਆਇੰਟ ਇਲਾਕੇ ਦੇ ਢੰਡਾਰੀ ਕਲਾਂ 'ਚ ਸਥਿਤ ਗੁਰੂ ਵਿਹਾਰ ਕਾਲੋਨੀ 'ਚ ਮੰਗਲਵਾਰ ਦੀ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਵਿਹੜੇ ਵਿਚ ਬਣੇ ਕਮਰੇ ਵਿਚ ਜੋੜੇ ਦੀਆਂ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਮੌਕੇ ’ਤੇ ਪਹੁੰਚੀ। ਜਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਜਿਥੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਦੋਵਾਂ ਦਾ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇਗਾ। ਉਥੇ ਹੀ ਪੁਲਿਸ ਵੱਲੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਦੰਮ ਘੁੱਟਣ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਗੁਰੂ ਵਿਹਾਰ ਵਾਸੀ ਕਰਨ ਪਾਂਡੇ ਤੇ ਉਸ ਦੀ ਪਤਨੀ ਕਮਲਾ ਪਾਂਡੇ ਵਜੋਂ ਹੋਈ ਹੈ।
ਥਾਣਾ ਫੋਕਲ ਪੁਆਇੰਟ ਦੇ ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਦੀ ਸ਼ਾਮ ਸੂਚਨਾ ਮਿਲੀ ਸੀ ਕਿ ਉਕਤ ਇਲਾਕੇ ’ਚ ਇਕ ਵਿਹੜੇ ’ਚ ਬਣੇ ਕਮਰੇ ’ਚ ਸੌਂ ਰਿਹਾ ਜੋੜਾ ਕੱਲ੍ਹ ਰਾਤ ਤੋਂ ਬਾਹਰ ਨਹੀਂ ਨਿਕਲਿਆ। ਜਿਸ ’ਤੇ ਦੇਰ ਸ਼ਾਮ ਵਿਹੜਾ ਮਾਲਕ ਨੇ ਕਮਰੇ ਦਾ ਦਰਵਾਜਾ ਤੋੜ ਕੇ ਵੇਖਿਆ ਕਿ ਅੰਦਰ ਜੋੜੇ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਲਾਸ਼ਾਂ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜੋੜੇ ਦੇ ਕਮਰੇ ’ਚ ਲੋਹੇ ਦੇ ਭਾਂਡੇ ’ਚ ਲਕੜੀਆਂ ਬਾਲ ਕੇ ਰੱਖੀਆਂ ਸਨ ਤੇ ਦਰਵਾਜ਼ਾ ਬੰਦ ਸੀ ਜਿਸ ਕਾਰਨ ਦਮ ਘੁਟਣ ਕਾਰਨ ਮੌਤ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
Comments