24/12/2023
ਘਰ ਦੀ ਰਖਵਾਲੀ ਲਈ ਰੱਖੇ ਵਿਅਕਤੀ ਨੇ ਕੈਨੇਡਾ ਦੇ ਐਨਆਰਆਈ ਨਾਲ ਧੋਖਾਧੜੀ ਕਰਦਿਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਅੰਦਰੋਂ ਕੀਮਤੀ ਸਾਮਾਨ ਤੇ ਚੈੱਕ ਚੋਰੀ ਕਰ ਲਏl ਇਸ ਸਾਰੇ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਐਨਆਰਆਈ ਭਾਰਤ ਆਇਆ। ਇਸ ਮਾਮਲੇ 'ਚ ਥਾਣਾ ਦੁਗਰੀ ਦੀ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਐਨਆਰਆਈ ਅੰਮ੍ਰਿਤਪਾਲ ਸਿੰਘ ਗਰੇਵਾਲ ਦੀ ਸ਼ਿਕਾਇਤ 'ਤੇ ਮਾਡਲ ਗ੍ਰਾਮ ਦੇ ਵਾਸੀ ਆਲਮਜੋਤ ਸਿੰਘ ਗਿੱਲ ਦੇ ਖਿਲਾਫ ਚੋਰੀ, ਧੋਖਾਧੜੀ ਤੇ ਅਮਾਨਤ 'ਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ l
ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 37 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਆਲਮਜੋਤ ਸਿੰਘ ਗਿੱਲ ਉਨ੍ਹਾਂ ਦਾ ਫੈਮਿਲੀ ਫਰੈਂਡ ਹੈ l ਕੁਝ ਸਮੇਂ ਤੋਂ ਉਹ ਉਨਾਂ ਦੇ ਘਰ ਦੀ ਦੇਖਰੇਖ ਕਰ ਰਿਹਾ ਸੀ l ਹੁਣ ਜਦ ਅੰਮ੍ਰਿਤ ਪਾਲ ਭਾਰਤ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਅਲਮਾਰੀਆਂ ਚੋਂ ਚੈੱਕ ਅਤੇ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਜਾਂਚ ਕਰਨ 'ਤੇ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੇ ਖਾਤੇ 'ਚੋਂ ਕੁਝ ਨਕਦੀ ਵੀ ਕਢਵਾਈ ਗਈ ਸੀl ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 4 ਲੱਖ 6 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈl ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕੇਸ ਦੀ ਪੜਤਾਲ ਕੀਤੀ ਅਤੇ ਥਾਣਾ ਦੁਗਰੀ ਦੀ ਪੁਲਿਸ ਨੇ ਆਲਮਜੋਤ ਸਿੰਘ ਗਿੱਲ ਦੇ ਖਿਲਾਫ ਧੋਖਾਧੜੀ, ਚੋਰੀ, ਅਮਾਨਤ ਵਿੱਚ ਖਿਆਨਤ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Comments