google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਡਿੱਗਿਆ ਪਾਰਾ; ਹੌਜ਼ਰੀ ਕਾਰੋਬਾਰੀਆਂ ਲਈ ਰਾਹਤ, ਦਿਹਾੜੀਦਾਰਾਂ ਲਈ ਆਫ਼ਤ

26/12/2023

ਲੁਧਿਆਣਾ ’ਚ ਸੋਮਵਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ, ਉਥੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਦੀ ਰਫ਼ਤਾਰ ਵੀ ਧੀਮੀ ਪੈ ਗਈ ਅਤੇ ਆਪਣੇ ਦਫ਼ਤਰਾਂ ਅਤੇ ਕੰਮਾਕਾਰਾਂ ਤੱਕ ਪਹੁੰਚਣ ਲਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਘੱਟ ਤੋਂ ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


ਦਸੰਬਰ ਮਹੀਨੇ ’ਚ ਪਈ ਪਹਿਲੀ ਸੰਘਣੀ ਧੁੰਦ ਅਤੇ ਹੱਢ ਚੀਰਵੀਂ ਠੰਢ ਨੇ ਜਿੱਥੇ ਲੁਧਿਆਣਵੀਆਂ ਨੂੰ ਕੰਬਣੀ ਛੇੜ ਦਿੱਤੀ, ਉਥੇ ਗਰਮ ਕੱਪੜਾ ਬਣਾਉਣ ਵਾਲੇ ਹੌਜ਼ਰੀ ਕਾਰੋਬਾਰੀਆਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ। ਹੌਜਰੀ ਕਾਰੋਬਾਰੀ 5-7 ਮਹੀਨੇ ਪਹਿਲਾਂ ਹੀ ਸਰਦੀਆਂ ਦੇ ਕੱਪੜਿਆਂ ਦਾ ਸਟਾਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਸਰਦੀਆਂ ਦੀ ਹੀ ਆਸ ਰਹਿੰਦੀ ਤਾਂ ਜੋ ਉਨ੍ਹਾਂ ਦਾ ਮਾਲ ਵਿਕ ਸਕੇ। ਸੋਮਵਾਰ ਨੂੰ ਸ਼ਹਿਰ ਦੇ ਪ੍ਰਸਿੱਧ ਘੰਟਾ ਘਰ ਚੌਕ, ਚੌੜਾ ਬਾਜ਼ਾਰ, ਗਿਰਜਾ ਘਰ ਚੌਕ, ਘੁਮਾਰ ਮੰਡੀ, ਮਾਲ ਰੋਡ ਸਮੇਤ ਅਨੇਕਾਂ ਬਾਜ਼ਾਰਾਂ ’ਚ ਲੋਕ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਦੇਖੇ ਗਏ। ਦੁਕਾਨਦਾਰਾਂ ਵੱਲੋਂ ਵੀ ਦੁਕਾਨਾਂ ਦੇ ਬਾਹਰ ਗਰਮ ਕੱਪੜਿਆਂ ਜਿਵੇਂ ਮਫ਼ਲਰ, ਦਸਤਾਨੇ, ਟੋਪੀਆਂ, ਗਰਮ ਸੂਟ, ਗਰਮ ਜੁਰਾਬਾਂ ਦੀਆਂ ਗਾਹਕਾਂ ਨੂੰ ਲੁਭਾਉਣ ਲਈ ਸੇਲਾਂ ਲਗਾਈਆਂ ਗਈਆਂ ਸਨ।


ਸੜਕੀ ਆਵਾਜਾਈ ਵੀ ਹੋਈ ਪ੍ਰਭਾਵਿਤ

ਨੈਸ਼ਨਲ ਹਾਈਵੇ ’ਤੇ ਧੂੜਾਂ ਪੁੱਟਣ ਵਾਲੇ ਵਾਹਨਾਂ ਦੀ ਰਫ਼ਤਾਰ ਵੀ ਧੁੰਦ ਕਾਰਨ ਹੌਲੀ ਪੈ ਗਈ। ਰੋਜ਼ਾਨਾ ਸਫ਼ਰ ਕਰਨ ਵਾਲਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਧੁੰਦ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਦੇਰੀ ਨਾਲ ਆਪਣੀਆਂ ਮੰਜ਼ਿਲਾਂ ਤੇ ਪੁੱਜੇ।


ਰੇਲਗੱਡੀਆਂ ਲੇਟ ਆਉਣ ਕਾਰਨ ਮੁਸਾਫ਼ਿਰ ਪਰੇਸ਼ਾਨ

ਧੁੰਦ ਕਾਰਨ ਰੇਲਗੱਡੀਆਂ ਦੀ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ, ਜਿਸ ਕਾਰਨ ਮੁਸਾਫ਼ਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਸਟੇਸ਼ਨ ’ਤੇ ਟਰੇਨਾਂ ਦੀ ਮੁਸਾਫ਼ਿਰ ਉਡੀਕ ਕਰ ਰਹੇ ਸਨ। ਧੁੰਦ ਕਾਰਨ ਰੇਲਗੱਡੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਸਟੇਸ਼ਨ ਤੇ ਪੁੱਜੀਆਂ।


ਮੁੰਗਫ਼ਲੀ, ਰਿਓੜੀਆਂ, ਗੱਚਕ ਵੇਚਣ ਵਾਲਿਆਂ ਦੇ ਚਿਹਰੇ ਖਿੜ੍ਹੇ

ਜਿਵੇਂ ਹੀ ਸੋਮਵਾਰ ਨੂੰ ਧੁੰਦ ਦੇ ਨਾਲ ਨਾਲ ਠੰਢ ਦਾ ਜ਼ੋਰ ਵਧਿਆ ਤਾਂ ਸ਼ਹਿਰ ’ਚ ਫੜ੍ਹੀਆਂ ਅਤੇ ਦੁਕਾਨਾਂ ਲਗਾ ਕੇ ਮੂੰਗਫ਼ਲੀ, ਰਿਓੜੀਆਂ ਅਤੇ ਗੱਚਕ ਵੇਚਣ ਵਾਲਿਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਮੂੰਗਫ਼ਲੀ ਵੇਚਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹੀ ਇਕ-ਦੋ ਮਹੀਨਿਆਂ ’ਚ ਠੰਢ ਪੈਣ ਕਾਰਨ ਕੰਮਕਾਜ ਚੱਲਣ ਦੀ ਉਡੀਕ ਰਹਿੰਦੀ ਹੈ।

Comentarios


Logo-LudhianaPlusColorChange_edited.png
bottom of page