27/12/2023
ਹੈਰੋਇਨ ਦੇ ਨਸ਼ੇ 'ਤੇ ਰੋਕ ਲਗਾਉਣ ਲਈ ਲੁਧਿਆਣਾ ਪੁਲਿਸ ਹੁਣ ਤਸਕਰਾਂ ਦੇ ਨਾਲ ਨਾਲ ਨਸ਼ਾ ਕਰਨ ਵਾਲਿਆਂ 'ਤੇ ਵੀ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ l ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਾਰਵਾਈ ਕਰਦਿਆਂ ਹੈਰੋਇਨ ਦਾ ਨਸ਼ਾ ਕਰ ਰਹੇ 9 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮੇ ਦਰਜ ਕਰ ਲਏ ਹਨ।
ਗਸ਼ਤ ਦੇ ਸਬੰਧ ਵਿੱਚ ਥਾਣਾ ਦਰੇਸੀ ਦੀ ਪੁਲਿਸ ਜਲੰਧਰ ਬਾਈਪਾਸ ਦੇ ਕੋਲ ਪੈਂਦੇ ਡਾਕਟਰ ਬੀ ਆਰ ਅੰਬੇਦਕਰ ਭਵਨ ਦੇ ਕੋਲ ਪਹੁੰਚੀ lਇਸੇ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇੱਕ ਨੌਜਵਾਨ ਮੱਛੀ ਮਾਰਕੀਟ ਦੇ ਕੋਲ ਬੈਠ ਕੇ ਫੋਇਲ ਪੇਪਰ ਨਾਲ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ। ਸੂਚਨਾ ਤੋਂ ਬਾਅਦ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦਬਿਸ਼ ਦੇ ਕੇ ਪੀਰੂ ਬੰਦਾ ਦੇ ਰਹਿਣ ਵਾਲੇ ਹਨੀ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਦੇ ਕਬਜ਼ੇ ਚੋਂ ਇੱਕ ਲਾਈਟਰ, ਇੱਕ ਪੰਨੀ, 10ਰੁਪਏ ਦਾ ਨੋਟ, ਪਾਈਪ ਅਤੇ ਇੱਕ ਪਲਾਸਟਿਕ ਦਾ ਗਿਲਾਸ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪੀਰੂ ਬੰਦਾ ਸਲੇਮ ਟਾਬਰੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੂੰ ਰੇਲਵੇ ਲਾਈਨਾਂ ਦੇ ਕੋਲ ਪੈਂਦੀ ਬੇਆਬਾਦ ਜਗ੍ਹਾ ਤੋਂ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ l ਪੁਲਿਸ ਨੇ ਸੁਨੀਲ ਦੇ ਕਬਜ਼ੇ ਚੋਂ ਪਲਾਸਟਿਕ ਦੀ ਲਿਫਾਫੀ, ਇੱਕ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ l ਥਾਣਾ ਡਵੀਜ਼ਨ ਨੰਬਰ 2ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪੁਰਾਣੀ ਜੇਲ੍ਹ ਦੇ ਕੋਲ ਪੈਂਦੀ ਚਿਲਡਰਨ ਪਾਰਕ ਚੋਂ ਉੱਚਾ ਟਿੱਬਾ ਦੇ ਰਹਿਣ ਵਾਲੇ ਸ਼ੁਭਮ ਕੁਮਾਰ ਨੂੰ ਹਿਰਾਸਤ ਵਿੱਚ ਲਿਆ l ਪੁਲਿਸ ਨੇ ਮੁਲਜ਼ਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਲਾਈਟਰ ਅਤੇ ਪੰਨੀ ਦੇ ਨਾਲ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 3ਦੀ ਪੁਲਿਸ ਨੇ ਫਤਿਹਗੰਜ ਮੁਹੱਲਾ ਦੇ ਰਹਿਣ ਵਾਲੇ ਅਜੇ ਸੁਸ਼ੀਲ ਨੂੰ ਘੁਮਿਆਰਾਂ ਵਾਲੀ ਗਲੀ ਚੋਂ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ l ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਬਰਜਿੰਦਰ ਸਿੰਘ ਨੂੰ ਨਸ਼ਾ ਕਰਦਿਆਂ ਗ੍ਰਿਫਤਾਰ ਕੀਤਾ l ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਥਾਣਾ ਦੁਗਰੀ ਦੀ ਪੁਲਿਸ ਨੇ ਹੋਟਲ ਕੀਜ ਦੇ ਕੋਲ ਦਬਿਸ਼ ਦਿੰਦਿਆਂ ਪਿੰਡ ਹਲਵਾਰਾ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਸਿਲਵਰ ਪੰਨੀ ਲਾਈਟਰ ਅਤੇ 10 ਰੁਪਏ ਦੇ ਨੋਟ ਸਮੇਤ ਗ੍ਰਿਫਤਾਰ ਕੀਤਾl ਵੱਖ-ਵੱਖ ਤਿੰਨ ਥਾਵਾਂ ਤੋਂ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਡਾਬਾ ਰੋਡ ਤੋਂ ਪਿੰਡ ਡਾਬਾ ਦੇ ਰਹਿਣ ਵਾਲੇ ਮਨਜੀਤ ਸਿੰਘ, ਮਠਾੜੂ ਚੌਂਕ ਚੋਂ ਨਿਊ ਅਮਰ ਨਗਰ ਪਿੰਡ ਡਾਬਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਅਤੇ ਹਰਿ ਕ੍ਰਿਸ਼ਨ ਸਕੂਲ ਦੇ ਲਾਗਿਓ ਨਿਊ ਸ਼ਿਮਲਾਪੁਰੀ ਦੇ ਵਾਸੀ ਇੰਦਰਜੀਤ ਸਿੰਘ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ਚੋਂ ਵੀ ਲਾਈਟਰ ਅਤੇ ਸਿਲਵਰ ਪੰਨੀ ਬਰਾਮਦ ਕੀਤੀ । ਲੁਧਿਆਣਾ ਪੁਲਿਸ ਨੇ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਲਈ ਤਸਕਰਾਂ ਦੇ ਨਾਲ-ਨਾਲ ਨਸ਼ਾ ਕਰਨ ਵਾਲਿਆਂ 'ਤੇ ਵੀ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ 'ਚ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮੁਕਦਮੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Commentaires