06/04/2024
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਦਾ ਨਾਂ ਲੁਧਿਆਣਾ 'ਚ ਅੰਬਾਲਾ ਦੇ ਰਹਿਣ ਵਾਲੇ ਇਕ ਪਰਿਵਾਰ ਖਿਲਾਫ਼ ਦਾਜ ਲਈ ਪਰੇਸ਼ਾਨ, ਗੈਰ-ਕੁਦਰਤੀ ਸਬੰਧਾਂ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ 'ਚ ਸਾਹਮਣੇ ਆਇਆ ਹੈ। ਹਾਲਾਂਕਿ ਅਸੀਮ ਗੋਇਲ 'ਤੇ ਲੱਗੇ ਦੋਸ਼ਾਂ ਦੀ ਅਜੇ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੰਬਾਲਾ 'ਚ ਛਾਪੇਮਾਰੀ ਕੀਤੀ ਪਰ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਲੁਧਿਆਣਾ ਵੂਮੈਨ ਸੈੱਲ 'ਚ ਦਿੱਤੀ ਸ਼ਿਕਾਇਤ
ਦੋ ਦਿਨ ਪਹਿਲਾਂ ਮਾਡਲ ਟਾਊਨ ਦੀ ਰਹਿਣ ਵਾਲੀ ਦੀਕਸ਼ਾ ਠੁਕਰਾਲ ਨੇ ਲੁਧਿਆਣਾ ਵੂਮੈਨ ਸੈੱਲ 'ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਚ ਤੋਂ ਬਾਅਦ ਮੁਲਜ਼ਮ ਅੰਬਾਲਾ ਨਿਵਾਸੀ ਪਤੀ ਹਿਮਾਂਸ਼ੂ ਅਗਰਵਾਲ, ਸਹੁਰਾ ਅਰਵਿੰਦ ਅਗਰਵਾਲ ਉਰਫ ਲੱਕੀ, ਸੱਸ ਸੰਗੀਤਾ ਅਗਰਵਾਲ, ਸਾਲੀ ਮੇਹਰ ਅਗਰਵਾਲ, ਚਾਚਾ-ਸਹੁਰਾ ਸਚਿਨ ਅਗਰਵਾਲ, ਚਾਚੀ ਸੱਸ- ਸਹੁਰੇ ਨੀਸ਼ੂ ਅਗਰਵਾਲ ਦਾ ਨਾਂ ਲਿਆ ਗਿਆ। ਇਸ ਮਾਮਲੇ 'ਚ ਅਸੀਮ ਗੋਇਲ ਤੇ ਹੋਰਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
11 ਜੁਲਾਈ ਨੂੰ ਤੈਅ ਹੋਈ ਸੀ ਮੰਗਣੀ
ਦੀਕਸ਼ਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 13 ਅਗਸਤ 2021 ਨੂੰ ਉਸ ਦਾ ਵਿਆਹ ਅੰਬਾਲਾ ਦੇ ਰਹਿਣ ਵਾਲੇ ਹਿਮਾਂਸ਼ੂ ਅਗਰਵਾਲ ਨਾਲ ਰਾਇਲ ਆਰਚਿਡ ਮਨਸੂਰੀ, ਉਤਰਾਖੰਡ ਵਿਖੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ 6 ਜੁਲਾਈ 2021 ਨੂੰ ਦੋਵੇਂ ਪਰਿਵਾਰ ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ 'ਚ ਮਿਲੇ ਸਨ। ਅਸੀਮ ਗੋਇਲ ਦੇ ਨਾਲ ਉੱਥੇ ਆਏ ਹਿਮਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੰਨਿਆ-ਪ੍ਰਮੰਨਿਆ ਹੈ। ਅਸੀਮ ਗੋਇਲ ਵੀ ਆਪਣੇ ਪਿਤਾ ਵਾਂਗ ਹਨ। ਇਸ ਤੋਂ ਬਾਅਦ ਮੰਗਣੀ ਦੀ ਤਰੀਕ 11 ਜੁਲਾਈ 2021 ਤੈਅ ਕੀਤੀ ਗਈ।
ਡੈਸਟੀਨੇਸ਼ਨ ਵੈਡਿੰਗ ਦੀ ਰੱਖੀ ਮੰਗ
ਸਹੁਰਿਆਂ ਦੇ ਕਹਿਣ 'ਤੇ ਪੰਚਕੂਲਾ 'ਚ ਐੱਮ-1 ਡੈਸਟੀਨੇਸ਼ਨ ਬੁੱਕ ਕਰਵਾਇਆ ਜਿੱਥੇ ਹਿਮਾਂਸ਼ੂ ਦੇ ਪਰਿਵਾਰ ਦੇ 500-600 ਲੋਕ ਸ਼ਾਮਲ ਹੋਏ। ਲੜਕੀ ਦੇ ਪਰਿਵਾਰ ਦੇ 45-50 ਲੋਕ ਹੀ ਸਨ। ਦੀਕਸ਼ਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਈ ਸੀਨੀਅਰ ਅਧਿਕਾਰੀ ਤੇ ਮੰਤਰੀ ਉੱਥੇ ਆਉਣਗੇ। ਉਨ੍ਹਾਂ ਲਈ ਮਹਿੰਗੇ ਤੋਹਫ਼ੇ ਦੇਣੇ ਹਨ। ਉਨ੍ਹਾਂ ਦੀ ਮੰਗਣੀ 'ਤੇ 1.10 ਕਰੋੜ ਰੁਪਏ ਖਰਚ ਹੋਏ। ਮੰਗਣੀ ਤੋਂ ਬਾਅਦ ਅਸੀਮ ਗੋਇਲ ਤੇ ਅਰਵਿੰਦ ਅਗਰਵਾਲ ਨੇ ਉਸ ਨੂੰ ਅੰਬਾਲਾ ਬੁਲਾਇਆ ਤੇ ਡੈਸਟੀਨੇਸ਼ਨ ਵੈਡਿੰਗ ਦੀ ਮੰਗ ਰੱਖੀ।
ਇੰਨਾ ਹੀ ਨਹੀਂ, ਉਨ੍ਹਾਂ ਦੀ ਮੰਗ 'ਤੇ ਮਸੂਰੀ 'ਚ ਵਿਆਹ ਦਾ ਪ੍ਰਬੰਧ ਕੀਤਾ ਗਿਆ ਤੇ ਉਥੇ 12 ਅਗਸਤ ਤੋਂ 14 ਅਗਸਤ ਤਕ ਸਾਰੇ ਕਮਰੇ ਬੁੱਕ ਕੀਤੇ ਗਏ। ਦੀਕਸ਼ਾ ਅਨੁਸਾਰ ਇਸ ਦੌਰਾਨ ਉਥੇ ਸ਼ਰਾਬ, ਹੁੱਕਾ, ਮੁਜਰਾ ਅਤੇ ਮਾਡਲਾਂ ਦੇ ਪ੍ਰੋਗਰਾਮ ਕਰਵਾਏ ਗਏ। ਵਿਆਹ ਤੋਂ ਬਾਅਦ ਉਸ 'ਤੇ ਤਸ਼ੱਦਦ ਕੀਤਾ ਗਿਆ। ਐਸਐਚਓ ਮਹਿਲਾ ਸੈੱਲ ਦਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਸੀਮ ਗੋਇਲ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕਰਾਂਗੇ।
Comments