24/03/2024
ਨਾਜਾਇਜ਼ ਸ਼ਰਾਬ ਦੀ ਤਸਕਰੀ ਘੱਟਣ ਦਾ ਨਾਮ ਨਹੀਂ ਲੈ ਰਹੀ। ਸੂਬੇ ਵਿਚ ਸਰਕਾਰਾਂ ਬਦਲਦੀਆਂ ਰਹੀਆਂ ਹਨ, ਪਰ ਸ਼ਰਾਬ ਦਾ ਕਾਲਾ ਕਾਰੋਬਾਰ ਬੰਦ ਨਹੀਂ ਹੋਇਆ। ਵਿਰੋਧੀ ਧਿਰ ਵਿਚ ਹੁੰਦਿਆਂ ਸਾਰੇ ਆਗੂ ਨਕਲੀ ਜਾਂ ਨਾਜਾਇਜ਼ ਸ਼ਰਾਬ ਖਿਲਾਫ਼ ਅਵਾਜ਼ ਬੁਲੰਦ ਕਰਦੇ ਹਨ, ਪਰ ਹੁਕਮਰਾਨ ਬਣਦਿਆਂ ਅਜਿਹੀਆਂ ਘਟਨਾਵਾਂ ਮੌਕੇ ਅੱਖਾਂ ਤੇ ਜੁਬਾਨ ਬੰਦ ਕਰ ਲੈਂਦੇ ਹਨ।
ਬੀਤੇ ਤਿੰਨ ਦਿਨਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਨਾਲ ਇਕ ਦਰਜ਼ਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅੰਕੜਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਸ਼ਰਾਬ ਨਾਲ ਪਹਿਲੀ ਵਾਰ ਮੌਤਾਂ ਨਹੀਂ ਹੋਈਆਂ , ਇਸਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਰਾਜ ਭਾਗ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਜਦੋਂ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਦੇ ਕਾਰਜਕਾਲ ਦੌਰਾਨ 114 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ ਤਾਂ ਆਪ ਲੀਡਰਸ਼ਿਪ ਨੇ ਸਭ ਤੋ ਵੱਧ ਸਰਕਾਰ ’ਤੇ ਸਵਾਲ ਚੁੱਕੇ ਸਨ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ 28 ਅਕਤੂਬਰ 2010 ਨੂੰ ਹੁਸ਼ਿਆਰਪੁਰ ਦੇ ਦਸੂਹਾ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 27 ਵਿਅਕਤੀਆਂ ਦਾ ਸਰੀਰਕ ਨੁਕਸਾਨ ਹੋਇਆ ਸੀ।
ਸਰਕਾਰ ਭਾਵੇਂ ਕਿਸੀ ਵੀ ਪਾਰਟੀ ਦੀ ਹੋਵੇ ਨਕਲੀ ਸ਼ਰਾਬ ਦਾ ਕਾਰੋਬਾਰ ਬੇਰੋਕ ਜਾਰੀ ਹੈ। ਜਦੋਂ ਪਿਛਲੇ ਕਾਰਜਕਾਲ ਦੌਰਾਨ ਕੈਪਟਨ ਦੀ ਸਰਕਾਰ ’ਚ 114 ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਮੌਤਾਂ ਦੀ ਇੰਨੀ ਵੱਡੀ ਗਿਣਤੀ ਨੂੰ ਦੇਖ ਕੇ ਸਰਕਾਰ ਕੁੱਝ ਸਖ਼ਤੀ ਕਰੇਗੀ। ਦਰਅਸਲ ਸਰਕਾਰ ਜਾਣਬੁੱਝ ਕੇ ਸ਼ਰਾਬ ਦੇ ਕਾਰੋਬਾਰ ਵਿਚ ਸਖ਼ਤ ਕਾਰਵਾਈ ਨਹੀਂ ਕਰਦੀ ਕਿਉਂਕਿ ਪੰਜਾਬ ਵਿਚ ਹਰ ਪਾਰਟੀ ਦੇ ਆਗੂਆਂ ਦੀ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰੀ ਹੈ। ਦੂਸਰਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ, ਸਰਕਾਰਾਂ ਅਜਿਹੇ ਕਾਰੋਬਾਰੀਆਂ ਵਿਰੁੱਧ ਸਖ਼ਤ ਹੁਕਮ ਨਹੀਂ ਦਿੰਦੀਆਂ ਕਿਉਂਕਿ ਸ਼ਰਾਬ ਸਮੇਤ ਹੋਰ ਸਾਰੇ ਨਸ਼ੇ ਬਹੁਤ ਮਹਿੰਗੇ ਹੁੰਦੇ ਹਨ ਅਤੇ ਸਮਾਜ ਦਾ ਗਰੀਬ ਤਬਕਾ ਅਜਿਹੀ ਘਟੀਆ ਸ਼ਰਾਬ ਪੀਂਦਾ ਹੈ। ਜਿੱਥੇ ਸ਼ਰਾਬ ਮਹਿੰਗੀ ਹੋ ਰਹੀ ਹੈ, ਉਥੇ ਦੂਜੇ ਰਿਵਾਇਤੀ ਨਸ਼ਿਆਂ ’ਤੇ ਸਖ਼ਤ ਪਾਬੰਦੀ ਹੋਣ ਕਰਕੇ ਗਰੀਬ ਤਬਕਾ ਸਸਤੀ ਸ਼ਰਾਬ ਪੀਣ ਨੂੰ ਤਰਜੀਹ ਦਿੰਦੇ ਹਨ ਤੇ ਕਾਲਾ ਬਾਜ਼ਾਰੀ ਵਿਚ ਜੁੜੇ ਲੋਕ ਇਸਦਾ ਫਾਇਦਾ ਉਠਾਉੰਦੇ ਹਨ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਕੋਈ ਵੀ ਸਾਰਥਕ ਭੂਮਿਕਾ ਨਹੀਂ ਨਿਭਾ ਰਿਹਾ । ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਮਾਮਲਾ ਰਾਜ ਸਭਾ ਵਿੱਚ ਉਠਾਇਆ ਸੀ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਸੂਬਾ ਸਰਕਾਰ ਸਖ਼ਤ ਕਾਰਵਾਈ ਕਰੇਗੀ ਪਰ ਅਜਿਹਾ ਨਹੀਂ ਹੋਇਆ। ਅਜਿਹੇ ’ਚ ਅਜਿਹੇ ਕਾਰੋਬਾਰੀਆਂ ਦਾ ਮਨੋਬਲ ਵਧਣਾ ਤੈਅ ਹੈ। ਕਿਉਂਕਿ ਇਨ੍ਹਾਂ ਨੂੰ ਪੀਣ ਵਾਲੇ ਅਤੇ ਪੀ ਕੇ ਮਰਨ ਵਾਲੇ ਲੋਕ ਹੇਠਲੇ ਵਰਗ ਤੋਂ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਇਨਸਾਫ਼ ਦੇਣ ਵਾਲਾ ਕੋਈ ਨਹੀਂ ਹੈ। ਦੂਲੋ ਨੇ ਕਿਹਾ ਕਿ ਕੈਪਟਨ ਦੇ ਰਾਜ ਵਿਚ ਇਕ ਦਰਜ਼ਨ ਦੇ ਕਰੀਬ ਨਾਜ਼ਾਇਜ਼ ਡਿਸਟਲਰੀਆਂ ਚੱਲਦੀਆਂ ਸਨ, ਉਨ੍ਹਾਂ ਕੈਪਟਨ ਤੇ ਰਾਜਪਾਲ ਤੋ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਪਰ ਅੱਜ ਤੱਕ ਕੁੱਝ ਨਹੀੰ ਹੋਇਆ। ਬਕਾਇਦਾ ਕੁੱਝ ਦਿਨ ਪਹਿਲਾਂ ਸ਼ਰਾਬ ਦੀ ਕਾਲਾ ਬਜ਼ਾਰੀ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਸੀ।
Comments